ਲੁਧਿਆਣਾ : ਥਾਣਾ ਸਲੇਮ ਟਾਬਰੀ (Salem Tabari police station) ਦੀ ਪੁਲਿਸ ਨੇ ਦੱਖਣੀ ਕੋਰੀਆ ਅਤੇ ਜਾਪਾਨ (South Korea and Japan) ‘ਚ ਭੇਜਣ ਦੇ ਨਾਂ ‘ਤੇ 8.5 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ‘ਚ ਇਕ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਉਪਰੋਕਤ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਐਲ.ਡੀ.ਸੀ.ਓ ਸਟੇਟ ਪੁਲਿਸ ਚੌਕੀ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਰਣਜੋਧ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਪਿੰਡ ਮੰਗਲੀ ਟਾਂਡਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਪੀੜਤ ਨੇ ਦੱਸਿਆ ਕਿ ਉਸ ਨੇ ਆਪਣੇ ਭਰਾ ਦਲਜੀਤ ਸਿੰਘ ਨੂੰ ਦੱਖਣੀ ਕੋਰੀਆ ਅਤੇ ਜਾਪਾਨ ਭੇਜਣ ਦੇ ਨਾਂ ‘ਤੇ ਪ੍ਰਦੀਪ ਬਾਵਾ ਪੁੱਤਰ ਧਰਮਪਾਲ ਵਾਸੀ ਚਿਠੀ ਕਲੋਨੀ ਨੂੰ 8.5 ਲੱਖ ਰੁਪਏ ਦਿੱਤੇ ਸਨ। ਪਰ ਪ੍ਰਦੀਪ ਬਾਵਾ ਨੇ ਨਾ ਤਾਂ ਉਸ ਦੇ ਭਰਾ ਦਲਜੀਤ ਸਿੰਘ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਦੋਸ਼ੀ ਪ੍ਰਦੀਪ ਬਾਵਾ ਖ਼ਿਲਾਫ਼ ਧੋਖਾਧੜੀ ਅਤੇ ਇਮੀਗ੍ਰੇਸ਼ਨ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।