ਮੁੰਬਈ: ਮੁੰਬਈ ਅਤੇ ਆਸਪਾਸ ਦੇ ਇਲਾਕਿਆਂ ‘ਚ ਬੀਤੀ ਸ਼ਾਮ 5 ਵਜੇ ਸ਼ੁਰੂ ਹੋਏ ਤੇਜ਼ ਮੀਂਹ (The Heavy Rain) ਨੇ ਪੂਰੇ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ। ਕਰੀਬ ਪੰਜ ਘੰਟੇ ਤੱਕ ਪਏ ਮੀਂਹ ਨੇ ਚਾਰ ਲੋਕਾਂ ਦੀ ਜਾਨ ਲੈ ਲਈ। ਮੀਂਹ ਕਾਰਨ ਕਈ ਥਾਵਾਂ ‘ਤੇ ਪਾਣੀ ਭਰ ਗਿਆ ਅਤੇ ਟ੍ਰੈਫਿਕ ਜਾਮ ਹੋ ਗਿਆ। ਮੀਂਹ ਕਾਰਨ ਰੇਲ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਹਨ। ਮੁੰਬਈ ਲੋਕਲ ਲੇਟ ਚੱਲ ਰਹੀ ਹੈ। ਇਸ ਤੋਂ ਇਲਾਵਾ ਮੁੰਬਈ ਏਅਰਪੋਰਟ ‘ਤੇ ਵੀ ਕਈ ਫਲਾਈਟਾਂ ਨੂੰ ਡਾਇਵਰਟ ਕਰਨਾ ਪਿਆ। ਮੁੰਬਈ, ਠਾਣੇ ਅਤੇ ਰਾਏਗੜ੍ਹ ‘ਚ ਇਸ ਭਾਰੀ ਮੀਂਹ ਕਾਰਨ ਮੌਸਮ ਵਿਭਾਗ ਨੂੰ ਔਰੇਂਜ ਅਲਰਟ ਤੋਂ ਰੈੱਡ ਅਲਰਟ ਜਾਰੀ ਕਰਨਾ ਪਿਆ। ਇਹ ਚਿਤਾਵਨੀ ਅੱਜ ਸਵੇਰੇ 8:30 ਵਜੇ ਤੱਕ ਜਾਰੀ ਰਹੀ। ਇਸ ਤੋਂ ਬਾਅਦ ਅੱਜ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ।
ਕਿੱਥੇ ਹੋਈ ਮੌਤ?
ਅੰਧੇਰੀ ਈਸਟ ‘ਚ ਮੀਂਹ ਕਾਰਨ ਡਰੇਨ ‘ਚ ਡੁੱਬਣ ਨਾਲ 45 ਸਾਲਾ ਔਰਤ ਦੀ ਮੌਤ ਹੋ ਗਈ। ਕਲਿਆਣ ਵਿੱਚ ਅਸਮਾਨੀ ਬਿਜਲੀ ਡਿੱਗਣ ਕਾਰਨ ਪੱਥਰ ਦੀ ਖਦਾਨ ਵਿੱਚ ਕੰਮ ਕਰ ਰਹੇ ਦੋ ਵਿਅਕਤੀਆਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਜ਼ੈਨੀਥ ਵਾਟਰਫਾਲ ਨੇੜੇ ਇਕ ਹੋਰ ਔਰਤ ਦੀ ਡੁੱਬਣ ਕਾਰਨ ਮੌਤ ਹੋ ਗਈ। ਕੋਲਾਬਾ ਵਿੱਚ 70.4 ਮਿਲੀਮੀਟਰ ਅਤੇ ਸੈਂਟਾ ਕਰੂਜ਼ ਵਿੱਚ 94.9 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਮਾਨਖੁਰਦ (276 ਮਿਲੀਮੀਟਰ), ਘਾਟਕੋਪਰ (259 ਮਿਲੀਮੀਟਰ) ਅਤੇ ਪੋਵਈ (234 ਮਿਲੀਮੀਟਰ) ਵਰਗੇ ਉਪਨਗਰਾਂ ਵਿੱਚ ਸਭ ਤੋਂ ਜ਼ਿਆਦਾ ਮੀਂਹ ਪਿਆ।
ਮੀਂਹ ਕਾਰਨ ਰੇਲ ਸੇਵਾ ਪ੍ਰਭਾਵਿਤ
ਭਾਰੀ ਮੀਂਹ ਕਾਰਨ ਮੱਧ ਰੇਲਵੇ ਦੀਆਂ ਮੇਨ ਅਤੇ ਹਾਰਬਰ ਲਾਈਨਾਂ ‘ਤੇ ਰੇਲ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ। ਪੱਛਮੀ ਰੇਲਵੇ ਨੇ ਕਿਸੇ ਵਿਘਨ ਦੀ ਰਿਪੋਰਟ ਨਹੀਂ ਕੀਤੀ। ਵਿਦਿਆਵਿਹਾਰ ਤੋਂ ਅੱਗੇ ਮੇਨ ਲਾਈਨ ‘ਤੇ ਭਾਰੀ ਪਾਣੀ ਭਰ ਜਾਣ ਕਾਰਨ ਰਾਤ 8.10 ਵਜੇ ਤੋਂ ਹੌਲੀ ਲੋਕਲ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਠਾਣੇ-ਜਾਣ ਵਾਲੀ ਲਾਈਨ ‘ਤੇ ਸੇਵਾਵਾਂ ਸਪੀਡ ਪਾਬੰਦੀਆਂ ਦੇ ਨਾਲ ਰਾਤ 9:10 ਵਜੇ ਮੁੜ ਸ਼ੁਰੂ ਹੋਈਆਂ, ਜਦੋਂ ਕਿ ਸੀ.ਐਸ.ਐਮ.ਟੀ.-ਜਾਣ ਵਾਲੀ ਲਾਈਨ ਰਾਤ 9:40 ਵਜੇ ਮੁੜ ਸ਼ੁਰੂ ਹੋਈ।
ਮੁੰਬਈ ਹਵਾਈ ਅੱਡੇ ‘ਤੇ 14 ਉਡਾਣਾਂ ਨੂੰ ਕੀਤਾ ਗਿਆ ਡਾਇਵਰਟ
ਹਾਰਬਰ ਲਾਈਨ ‘ਤੇ ਪਾਣੀ ਭਰ ਜਾਣ ਕਾਰਨ ਸੇਵਾਵਾਂ ਰਾਤ 9:40 ਵਜੇ ਤੋਂ ਮੁਅੱਤਲ ਕਰ ਦਿੱਤੀਆਂ ਗਈਆਂ ਸਨ ਅਤੇ ਰੇਲਗੱਡੀਆਂ ਸਿਰਫ਼ ਸੀ.ਐਸ.ਐਮ.ਟੀ.-ਕੁਰਲਾ ਅਤੇ ਵਾਸ਼ੀ-ਪਨਵੇਲ ਵਿਚਕਾਰ ਚਲਾਈਆਂ ਗਈਆਂ ਸਨ। ਮੁੰਬਈ ਹਵਾਈ ਅੱਡੇ ‘ਤੇ 14 ਉਡਾਣਾਂ ਨੂੰ ਡਾਇਵਰਟ ਕੀਤਾ ਗਿਆ ਜਦੋਂ ਕਿ ਸੱਤ ਉਡਾਣਾਂ ਲੈਂਡ ਨਹੀਂ ਕਰ ਸਕੀਆਂ ਅਤੇ ਦੂਜੀ ਵਾਰ ਲੈਂਡ ਕਰਨ ਦੀ ਕੋਸ਼ਿਸ਼ ਕੀਤੀ ਗਈ।
ਬੀ.ਐਮ.ਸੀ. ਅਤੇ ਟੀ.ਐਮ.ਸੀ. ਨੇ ਬੀਤੇ ਦਿਨ ਸਵੇਰੇ 8:30 ਵਜੇ ਤੋਂ ਸ਼ੁਰੂ ਹੋਏ 12 ਘੰਟਿਆਂ ਵਿੱਚ 81 ਮਿਲੀਮੀਟਰ ਮੀਂਹ ਦਰਜ ਕੀਤਾ, ਜਿਸ ਨਾਲ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ ਅਤੇ ਸ਼ਾਮ ਨੂੰ ਆਵਾਜਾਈ ਪ੍ਰਭਾਵਿਤ ਹੋਈ। ਕੁਝ ਇਲਾਕਿਆਂ ‘ਚ ਦਰੱਖਤ ਡਿੱਗਣ ਕਾਰਨ ਕੇਬਲ ਇੰਟਰਨੈੱਟ ਸੇਵਾਵਾਂ ਪ੍ਰਭਾਵਿਤ ਹੋਈਆਂ। ਬੀ.ਐਮ.ਸੀ. ਅਤੇ ਟੀ.ਐਮ.ਸੀ. ਨੇ ਸਕੂਲਾਂ ਅਤੇ ਕਾਲਜਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ।