ਚੰਡੀਗੜ੍ਹ: ਅਮਰੀਕਾ ਦੀ ਆਪਣੀ ਤਿੰਨ ਦਿਨਾਂ ਸਫ਼ਲ ਯਾਤਰਾ ਪੂਰੀ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਅੱਜ ਹਰਿਆਣਾ ਵਿੱਚ ਚੋਣ ਮੈਦਾਨ ਵਿੱਚ ਉਤਰ ਰਹੇ ਹਨ। ਪੀ.ਐਮ ਮੋਦੀ ਅੱਜ ਯਾਨੀ ਬੁੱਧਵਾਰ ਨੂੰ ਸੂਬੇ ਵਿੱਚ ਆਪਣੀ ਦੂਜੀ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਪੀ.ਐਮ ਮੋਦੀ ਸੋਨੀਪਤ ਜ਼ਿਲ੍ਹੇ ਦੇ ਗੋਹਾਨਾ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਭਾਜਪਾ ਇਸ ਰੈਲੀ ਨੂੰ ਰਿਕਾਰਡਤੋੜ ਭੀੜ ਨਾਲ ਸਫ਼ਲ ਬਣਾਉਣ ਦਾ ਟੀਚਾ ਰੱਖਦੀ ਹੈ।
ਆਯੋਜਕਾਂ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਰੈਲੀ ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ। ਰੈਲੀ ਵਾਲੀ ਥਾਂ ‘ਤੇ ਐਲੂਮੀਨੀਅਮ ਦਾ ਵਿਸ਼ੇਸ਼ ਪੰਡਾਲ ਬਣਾਇਆ ਗਿਆ ਹੈ। ਰੈਲੀ ਵਾਲੀ ਥਾਂ ਨੇੜੇ ਤਿੰਨ ਹੈਲੀਪੈਡ ਤਿਆਰ ਕੀਤੇ ਗਏ ਹਨ। ਪਿਛਲੇ ਸੋਮਵਾਰ ਹੈਲੀਕਾਪਟਰ ਦੇ ਟੇਕ-ਆਫ ਅਤੇ ਲੈਂਡਿੰਗ ਦਾ ਅਭਿਆਸ ਕੀਤਾ ਗਿਆ ਸੀ, ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸਮੇਤ ਭਾਜਪਾ ਦੇ ਕਈ ਸੀਨੀਅਰ ਨੇਤਾ ਪ੍ਰਧਾਨ ਮੰਤਰੀ ਨਾਲ ਮੰਚ ਸਾਂਝਾ ਕਰਨਗੇ।
ਇਸ ਰੈਲੀ ਵਿਚ ਭਾਜਪਾ ਦੇ ਉਮੀਦਵਾਰ ਵੀ ਸ਼ਾਮਲ ਹੋਣਗੇ, ਜਿਸ ਵਿਚ ਹਜ਼ਾਰਾਂ ਦੀ ਭੀੜ ਦੇ ਆਉਣ ਦੀ ਉਮੀਦ ਹੈ। ਪਾਰਟੀ ਆਗੂਆਂ ਤੇ ਵਰਕਰਾਂ ਨੂੰ ਪ੍ਰਧਾਨ ਮੰਤਰੀ ਦੀ ਰੈਲੀ ਨੂੰ ਸਫ਼ਲ ਬਣਾਉਣ ਲਈ ਕਿਹਾ ਗਿਆ ਹੈ। ਇਸ ਰੈਲੀ ਨੂੰ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਵਿਚ 22 ਵਿਧਾਨ ਸਭਾ ਹਲਕਿਆਂ ਦੇ ਵੋਟਰ ਸ਼ਾਮਲ ਹੋਣਗੇ। ਰੈਲੀ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਤੋਂ ਬਚਣ ਲਈ ਕਈ ਟ੍ਰੈਫਿਕ ਰੂਟਾਂ ਨੂੰ ਡਾਇਵਰਟ ਕੀਤਾ ਹੈ। ਆਲੇ ਦੁਆਲੇ ਦੀਆਂ ਇਮਾਰਤਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ ਅਤੇ ਪੁਲਿਸ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ।
ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਡੋਡਵਾ ਨੇ ਕਿਹਾ ਕਿ ਰੈਲੀ ਇਤਿਹਾਸਕ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਸਤੰਬਰ ਨੂੰ ਕੁਰੂਕਸ਼ੇਤਰ ਵਿੱਚ ਆਪਣੀ ਪਹਿਲੀ ਰੈਲੀ ਕਰਕੇ ਭਾਜਪਾ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ, ਜਿਸ ਦਾ ਉਦੇਸ਼ ਲਗਾਤਾਰ ਤੀਜੀ ਵਾਰ ਰਾਜ ਵਿੱਚ ਸੱਤਾ ਬਰਕਰਾਰ ਰੱਖਣਾ ਹੈ। ਉਸ ਰੈਲੀ ਵਿੱਚ, ਪੀ.ਐਮ ਮੋਦੀ ਨੇ 23 ਉਮੀਦਵਾਰਾਂ ਲਈ ਵੋਟਾਂ ਮੰਗੀਆਂ ਸਨ ਜਿਨ੍ਹਾਂ ਦੀਆਂ ਸੀਟਾਂ ਪੰਚਕੂਲਾ, ਅੰਬਾਲਾ, ਕੁਰੂਕਸ਼ੇਤਰ, ਕਰਨਾਲ ਅਤੇ ਪਾਣੀਪਤ ਜ਼ਿਲ੍ਹਿਆਂ ਅਤੇ ਯਮੁਨਾਨਗਰ, ਸੋਨੀਪਤ ਅਤੇ ਕੈਥਲ ਦੇ ਕੁਝ ਹਿੱਸਿਆਂ ਸਮੇਤ ਜੀ.ਟੀ ਰੋਡ ਬੈਲਟ ਦੇ ਜ਼ਿਲ੍ਹਿਆਂ ਵਿੱਚ ਆਉਂਦੀਆਂ ਹਨ। ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਲਈ 5 ਅਕਤੂਬਰ ਨੂੰ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 8 ਅਕਤੂਬਰ ਨੂੰ ਹੋਵੇਗੀ।