ਅੰਮ੍ਰਿਤਸਰ : ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਫਰੈਂਡਜ਼ ਹੁੱਕਾ ਬਾਰ ਕਵੀਨਜ਼ ਰੋਡ ‘ਤੇ ਛਾਪਾ ਮਾਰ ਕੇ 6 ਹੁੱਕੇ ਬਰਾਮਦ ਕੀਤੇ ਹਨ। ਪੁਲਿਸ ਦੀ ਛਾਪੇਮਾਰੀ ਹੁੰਦੇ ਹੀ ਉਥੇ ਮੌਜੂਦ ਲੋਕਾਂ ‘ਚ ਦਹਿਸ਼ਤ ਫੈਲ ਗਈ ਅਤੇ ਉਹ ਇਧਰ-ਉਧਰ ਭੱਜਦੇ ਦੇਖੇ ਗਏ। ਇਸ ਦੌਰਾਨ ਮੁਲਜ਼ਮ ਅਭਿਲੇਸ਼ ਕੁਮਾਰ ਪੁੱਤਰ ਮਿਸ਼ਰੀ ਲਾਲ ਵਾਸੀ ਯੂ.ਪੀ. ਮੌਜੂਦਾ ਵਾਸੀ ਫਰੈਂਡਜ਼ ਬਾਰ ਕੁਈਨਜ਼ ਰੋਡ ਅਤੇ ਯੁਵਰਾਜ ਸਿੰਘ ਉਰਫ ਯੁਵੀ ਵਾਸੀ ਗੁਰੂ ਰਾਮਦਾਸ ਐਵੀਨਿਊ ਤਰਨਤਾਰਨ ਰੋਡ ਖ਼ਿਲਾਫ਼ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦੇ ਹੋਏ ਉਕਤ ਬਾਰ ‘ਤੇ ਛਾਪਾ ਮਾਰ ਕੇ ਨਾਜਾਇਜ਼ ਤੌਰ ‘ਤੇ 6 ਹੁੱਕੇ ਬਰਾਮਦ ਕੀਤੇ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਸਿਗਰਟ ਤੇ ਤੰਬਾਕੂ ਐਕਟ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।