ਕੈਥਲ : ਵਿਧਾਨ ਸਭਾ ਹਲਕਾ ਗੂਹਲਾ ਵਿਖੇ ਭਾਜਪਾ ਉਮੀਦਵਾਰ ਕੁਲਵੰਤ ਬਾਜ਼ੀਗਰ (BJP candidate Kulwant Bazigar) ਦੇ ਸਮਰਥਨ ‘ਚ ਕਾਰਜਕਾਰੀ ਮੁੱਖ ਮੰਤਰੀ ਨਾਇਬ ਸੈਣੀ (Chief Minister Naib Saini) ਰੈਲੀ ਕਰਨ ਪੁੱਜੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਭਾਜਪਾ ਹਰਿਆਣਾ ਵਿੱਚ ਹੈਟ੍ਰਿਕ ਲਗਾਉਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਅਸੀਂ ਵਿਕਾਸ ਕਾਰਜਾਂ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਾਂਗੇ ਅਤੇ ਕਿਸੇ ਵੀ ਵਿਅਕਤੀ ਦੀ ਇੱਜ਼ਤ ਨੂੰ ਘੱਟ ਨਹੀਂ ਹੋਣ ਦੇਵਾਂਗੇ।
ਸੰਸਦ ਮੈਂਬਰ ਜੈਪ੍ਰਕਾਸ਼ ਵੱਲੋਂ ਬਜ਼ੁਰਗ ਵਿਅਕਤੀ ਨੂੰ ਲੱਤ ਮਾਰਨ ਦੀ ਵਾਇਰਲ ਹੋਈ ਵੀਡੀਓ ‘ਤੇ ਬੋਲਦਿਆਂ ਨਾਇਬ ਸੈਣੀ ਨੇ ਕਿਹਾ ਕਿ ਕਾਂਗਰਸ ਪਾਰਟੀ ਪਾਗਲ ਹੋ ਚੁੱਕੀ ਹੈ। ਕੁਮਾਰੀ ਸ਼ੈਲਜਾ ਨੂੰ ਕਾਂਗਰਸੀ ਲੋਕਾਂ ਨੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕੀਤਾ ਹੋਇਆ ਹੈ। ਸ਼ੈਲਜਾ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਹਨ, ਜੇਕਰ ਉਨ੍ਹਾਂ ਇਹ ਕਿਹਾ ਕਿ ਉਹ ਮੁੱਖ ਮੰਤਰੀ ਬਣਨਾ ਚਾਹੁੰਦੀ ਹੈ ਤਾਂ ਕੀ ਉਨ੍ਹਾਂ ਨੇ ਇਸ ਵਿੱਚ ਕੋਈ ਗਲਤੀ ਕੀਤੀ ਹੈ? ਉਹ ਸੀਨੀਅਰ ਨੇਤਾ ਹੋਣ ਦਾ ਦਾਅਵਾ ਕਰ ਸਕਦੀ ਹੈ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਨਿਵੇਸ਼ ਕੀਤਾ ਹੈ। ਇਹ ਬਦਕਿਸਮਤੀ ਦੀ ਗੱਲ ਹੈ ਕਿ ਕਾਂਗਰਸੀ ਲੋਕ ਦਲਿਤ ਸਮਾਜ ਨੂੰ ਦੇਖ ਕੇ ਖੁਸ਼ ਨਹੀਂ ਹਨ। ਕਾਰਜਕਾਰੀ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਵਾਲਿਆਂ ਨੂੰ ਕੁਝ ਨਜ਼ਰ ਨਹੀਂ ਆ ਰਿਹਾ ਹੈ।
ਨਾਇਬ ਸੈਣੀ ਨੇ ਕਿਹਾ ਕਿ ਮੈਂ ਦੀਪੇਂਦਰ ਹੁੱਡਾ ਨੂੰ ਕਿਹਾ ਸੀ ਕਿ ਤੁਹਾਡੇ ਪਿਤਾ ਭੁਪਿੰਦਰ ਸਿੰਘ ਹੁੱਡਾ 10 ਸਾਲ ਮੁੱਖ ਮੰਤਰੀ ਰਹੇ, ਉਹ ਦੱਸਣ ਕਿ ਉਨ੍ਹਾਂ ਨੇ ਕਿੰਨੀਆਂ ਨੌਕਰੀਆਂ ਦਿੱਤੀਆਂ ਸੀ, ਪਰ ਉਹ ਨਹੀਂ ਦੱਸ ਰਹੇ। ਦੀਪੇਂਦਰ ਹੁੱਡਾ, ਤੁਸੀਂ ਹੀ ਮੈਨੂੰ ਦੱਸ ਦੇਵੋ ਕਿ ਉਨ੍ਹਾਂ ਨੇ ਕਿੰਨੀਆਂ ਨੌਕਰੀਆਂ ਦਿੱਤੀਆਂ ਸਨ। ਕਿਉਂਕਿ ਦੀਪੇਂਦਰ ਹੁੱਡਾ ਹੀ ਹਿਸਾਬ ਕਿਤਾਬ ਰੱਖਣ ਵਾਲੇ ਸਨ, ਇਸ ਲਈ ਉਨ੍ਹਾਂ ਨੂੰ ਪਤਾ ਹੋਵੇਗਾ ਕਿ ਕਿਸ ਦੀ ਕਿੰਨੀ ਸੇਵਾ ਆਈ ਸੀ।