ਜੰਮ-ਕਸ਼ਮੀਰੂ: ਜੰਮੂ-ਕਸ਼ਮੀਰ (Jammu and Kashmir) ‘ਚ 10 ਸਾਲ ਬਾਅਦ ਵਿਧਾਨ ਸਭਾ ਚੋਣਾਂ (Assembly Elections) ਹੋ ਰਹੀਆਂ ਹਨ। ਇਸ ਦੌਰਾਨ ਪੋਲਿੰਗ ਬੂਥਾਂ ‘ਤੇ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਪੂਰੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਸ਼ਾਂਤੀਪੂਰਵਕ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਮੌਕੇ ‘ਤੇ ਸੁਰੱਖਿਆ ਦੇ ਵੀ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇਸ ਦੌਰਾਨ ਕਿਸ਼ਤਵਾੜ ਤੋਂ ਹੰਗਾਮੇ ਦੀ ਖ਼ਬਰ ਆ ਰਹੀ ਹੈ ਜਿਸ ਤੋਂ ਬਾਅਦ ਕੁਝ ਸਮੇਂ ਲਈ ਵੋਟਿੰਗ ਰੋਕ ਦਿੱਤੀ ਗਈ।
ਜਾਣਕਾਰੀ ਮੁਤਾਬਕ ਕਿਸ਼ਤਵਾੜ ਦੇ ਬਾਗਵਾਨ ਮੁਹੱਲੇ ‘ਚ ਪੋਲਿੰਗ ਬੂਥ ‘ਤੇ ਵੋਟਰਾਂ ਦੀ ਪਛਾਣ ਨੂੰ ਲੈ ਕੇ ਵਿਰੋਧ ਅਤੇ ਹੰਗਾਮਾ ਹੋਇਆ। ਭਾਜਪਾ ਉਮੀਦਵਾਰ ਸ਼ਗੁਨ ਪਰਿਹਾਰ ਨੇ ਵੀ ਦੋਸ਼ ਲਾਇਆ ਕਿ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਗਿਆ ਹੈ। ਪੀ.ਡੀ.ਪੀ. ਅਤੇ ਐਨ.ਸੀ ਵਰਕਰਾਂ ਨੇ ਉਨ੍ਹਾਂ ਨੂੰ ਧੱਕਾ ਦੇਣ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਦੱਸਿਆ ਕਿ ਪੀ.ਡੀ.ਪੀ. ਉਮੀਦਵਾਰ ਪੋਲਿੰਗ ਬੂਥ ‘ਤੇ ਆਏ ਅਤੇ ਕਿਹਾ ਕਿ ਇਹ ਲੜਕੀ ਪੀੜਤ ਕਾਰਡ ਖੇਡ ਰਹੀ ਹੈ। ਸ਼ਗੁਨ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਬੁਰਾ ਲੱਗਾ ਅਤੇ ਉਨ੍ਹਾਂ ਨੇ ਕਿਹਾ ਕਿ ਉਹ ਪੀੜਤ ਕਾਰਡ ਕਿਉਂ ਖੇਡੇਗੀ। ਇਸ ਤੋਂ ਬਾਅਦ ਪੀ.ਡੀ.ਪੀ. ਅਤੇ ਐਨ.ਸੀ ਵਰਕਰ ਪੋਲਿੰਗ ਬੂਥ ਵਿੱਚ ਦਾਖਲ ਹੋਏ ਜਿੱਥੇ ਕਿਸੇ ਨੂੰ ਵੀ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੈ। ਇਸ ਦੌਰਾਨ ਉਨ੍ਹਾਂ ਨੂੰ ਧੱਕਾ ਮਾਰਨ ਦੀ ਕੋਸ਼ਿਸ਼ ਵੀ ਕੀਤੀ। ਇਸ ਸਭ ਤੋਂ ਬਾਅਦ ਕੁਝ ਸਮੇਂ ਲਈ ਵੋਟਿੰਗ ਰੋਕ ਦਿੱਤੀ ਗਈ।
ਇਸ ਮਾਮਲੇ ਬਾਰੇ ਕਿਸ਼ਤਵਾੜ ਦੇ ਡਿਪਟੀ ਕਮਿਸ਼ਨਰ ਰਾਜੇਸ਼ ਕੁਮਾਰ ਨੇ ਕਿਹਾ ਕਿ ਕੁਝ ਸਮੇਂ ਤੋਂ ਭੰਬਲਭੂਸਾ ਬਣਿਆ ਹੋਇਆ ਸੀ ਪਰ ਹੁਣ ਸਭ ਕੁਝ ਠੀਕ ਹੈ ਅਤੇ ਵੋਟਾਂ ਪਹਿਲਾਂ ਵਾਂਗ ਹੀ ਚੱਲ ਰਹੀਆਂ ਹਨ। ਉਕਤ ਵਿਅਕਤੀ ਕੋਲ ਪਛਾਣ ਪੱਤਰ ਨਹੀਂ ਸੀ ਜਿਸ ਕਾਰਨ ਕੁਝ ਦਿੱਕਤ ਆਈ ਪਰ ਹੁਣ ਸਭ ਕੁਝ ਠੀਕ ਹੈ।