ਸਪੋਰਟਸ ਡੈਸਕ : ਹੈਰੀ ਕੇਨ (Harry Kane) ਨੇ ਦਿਨਾਮੋ ਜ਼ਾਗਰੇਬ ‘ਤੇ ਬਾਇਰਨ ਮਿਊਨਿਖ ਦੀ ਜ਼ਬਰਦਸਤ ਜਿੱਤ ‘ਚ ਚਾਰ ਗੋਲ ਕੀਤੇ ਅਤੇ ਵੇਨ ਰੂਨੀ ਦਾ ਰਿਕਾਰਡ ਤੋੜਦੇ ਹੋਏ ਚੈਂਪੀਅਨਜ਼ ਲੀਗ ਫੁੱਟਬਾਲ ‘ਚ ਸਭ ਤੋਂ ਵੱਧ ਗੋਲ ਕਰਨ ਵਾਲੇ ਇੰਗਲਿਸ਼ ਖਿਡਾਰੀ ਬਣ ਗਏ। ਕੇਨ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਬਾਇਰਨ ਨੂੰ ਦਿਨਾਮੋ ਜ਼ਾਗਰੇਬ ਨੂੰ 9-2 ਨਾਲ ਹਰਾਇਆ।
2016 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਚੈਂਪੀਅਨਜ਼ ਲੀਗ ਦੇ ਇੱਕ ਮੈਚ ਵਿੱਚ ਇੰਨੇ ਗੋਲ ਕੀਤੇ ਗਏ ਹਨ। ਇਸ ਨਾਲ ਬਾਇਰਨ ਦੇ ਨਵੇਂ ਕੋਚ ਵਿਨਸੈਂਟ ਕੋਂਪਨੀ ਨੂੰ ਯੂਰਪੀਅਨ ਮੁਕਾਬਲੇ ਵਿੱਚ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਵੀ ਮਿਲੀ। ਕੇਨ ਨੇ 19ਵੇਂ, 53ਵੇਂ, 73ਵੇਂ ਅਤੇ 78ਵੇਂ ਮਿੰਟ ਵਿੱਚ ਗੋਲ ਕੀਤੇ, ਜਿਸ ਨਾਲ ਮੁਕਾਬਲੇ ਵਿੱਚ ਉਨ੍ਹਾਂ ਦੇ ਕੁੱਲ ਗੋਲਾਂ ਦੀ ਗਿਣਤੀ 33 ਹੋ ਗਈ, ਜੋ ਕਿ ਇੰਗਲੈਂਡ ਦੇ ਖਿਡਾਰੀ ਲਈ ਇੱਕ ਨਵਾਂ ਰਿਕਾਰਡ ਹੈ।
ਉਨ੍ਹਾਂ ਨੇ ਰੂਨੀ ਦੇ 30 ਗੋਲਾਂ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ। ਕੇਨ ਨੇ ਪੈਨਲਟੀ ‘ਤੇ ਤਿੰਨ ਗੋਲ ਕੀਤੇ। ਉਨ੍ਹਾਂ ਨੇ ਮੈਚ ਤੋਂ ਬਾਅਦ ਕਿਹਾ, ‘ਈਮਾਨਦਾਰੀ ਨਾਲ ਕਹਾਂ ਤਾਂ ਦੂਜੀ ਪੈਨਲਟੀ ਤੋਂ ਬਾਅਦ ਮੈਨੂੰ ਨਹੀਂ ਪਤਾ ਸੀ ਕਿ ਤੀਜੀ ਪੈਨਲਟੀ ‘ਤੇ ਕੀ ਕਰਨਾ ਹੈ ਪਰ ਮੈਨੂੰ ਖੁਸ਼ੀ ਹੈ ਕਿ ਮੈਂ ਇਸ ‘ਤੇ ਵੀ ਗੋਲ ਕਰਨ ‘ਚ ਸਫ਼ਲ ਰਿਹਾ।’ 2016 ਵਿੱਚ ਬੋਰੂਸੀਆ ਡਾਰਟਮੰਡ ਦੀ ਲੇਗੀਆ ਵਾਰਸਾ ਉੱਤੇ 8-4 ਦੀ ਜਿੱਤ ਤੋਂ ਬਾਅਦ ਇਹ ਚੈਂਪੀਅਨਜ਼ ਲੀਗ ਵਿੱਚ ਸਭ ਤੋਂ ਵੱਧ ਗੋਲ ਕਰਨ ਵਾਲਾ ਮੈਚ ਸੀ।