ਜੀਂਦ : ਸਫੀਦੋਂ ਨਗਰ ਵਿੱਚ ਜੀਂਦ ਰੋਡ ’ਤੇ ਪਿੰਡ ਰੱਤਾਖੇੜਾ ਮੋੜ ਨੇੜੇ ਇੱਕ ਕਾਰ ਅਤੇ ਟਰੈਕਟਰ-ਟਰਾਲੀ ਦੀ ਟੱਕਰ ਹੋ ਗਈ। ਇਸ ਘਟਨਾ ਵਿੱਚ ਕਾਰ ਸਵਾਰ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ ਇੱਕ ਬੱਚੇ ਸਮੇਤ ਤਿੰਨ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਕਾਰ ਵਿੱਚ ਸਵਾਰ ਸਾਰੇ ਸ਼ਰਧਾਲੂ ਗੋਗਾਮੇੜੀ ਤੋਂ ਸਫੀਦੋਂ ਦੇ ਪੀਰ ਦੀ ਸਮਾਧ ਦੇ ਦਰਸ਼ਨਾਂ ਲਈ ਆ ਰਹੇ ਸਨ।
ਰਾਹਗੀਰਾਂ ਨੇ ਜ਼ਖਮੀਆਂ ਨੂੰ ਸਫੀਦੋਂ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ। ਜਿੱਥੇ ਡਾਕਟਰਾਂ ਨੇ ਦੋ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਇੱਕ ਬੱਚੇ ਸਮੇਤ ਤਿੰਨ ਹੋਰ ਜ਼ਖ਼ਮੀਆਂ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਪੀ.ਜੀ.ਆਈ. ਰੋਹਤਕ ਰੈਫ਼ਰ ਕਰ ਦਿੱਤਾ ਗਿਆ ਹੈ। ਮ੍ਰਿਤਕਾਂ ਵਿੱਚੋਂ ਇੱਕ ਦੀ ਪਛਾਣ ਭਾਗ ਸਿੰਘ (35) ਵਜੋਂ ਹੋਈ ਹੈ। ਜਦਕਿ ਇਕ ਹੋਰ ਮ੍ਰਿਤਕ ਔਰਤ ਅਤੇ ਤਿੰਨ ਜ਼ਖਮੀਆਂ ਦੀ ਪਛਾਣ ਨਹੀਂ ਹੋ ਸਕੀ ਹੈ। ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਨਾਲਾਗੜ੍ਹ (ਹਿਮਾਚਲ) ਦੇ ਰਹਿਣ ਵਾਲੇ ਇੱਕ ਪਰਿਵਾਰ ਦੇ ਪੰਜ ਵਿਅਕਤੀ ਕਾਰ ਵਿੱਚ ਸਵਾਰ ਹੋ ਕੇ ਗੋਗਾਮੇੜੀ ਬਾਗੜ ਦੀ ਯਾਤਰਾ ’ਤੇ ਗਏ ਹੋਏ ਸਨ। ਗੋਗਾਮੇੜੀ ਦੇ ਦਰਸ਼ਨ ਕਰਨ ਤੋਂ ਬਾਅਦ ਉਹ ਸਫੀਦੋਂ ਦੇ ਪੀਰ ਦੀ ਸਮਾਧ ਦੇ ਦਰਸ਼ਨਾਂ ਲਈ ਆ ਰਹੇ ਸਨ ਕਿ ਸਫੀਦੋਂ ਨੇੜੇ ਪਿੰਡ ਰੱਤਾਖੇੜਾ ਕੋਲ ਉਨ੍ਹਾਂ ਦੀ ਕਾਰ ਲੋਹੇ ਦੀਆਂ ਸਲਾਖਾਂ ਨਾਲ ਭਰੀ ਟਰੈਕਟਰ-ਟਰਾਲੀ ਨਾਲ ਟਕਰਾ ਗਈ। ਟੱਕਰ ਹੁੰਦੇ ਹੀ ਕਾਰ ‘ਚ ਸਵਾਰ ਸਾਰੇ ਪੰਜ ਲੋਕ ਗੰਭੀਰ ਰੂਪ ‘ਚ ਜ਼ਖਮੀ ਹੋ ਗਏ।
ਮੌਕੇ ‘ਤੇ ਵੱਡੀ ਗਿਣਤੀ ‘ਚ ਲੋਕ ਅਤੇ ਰਾਹਗੀਰ ਇਕੱਠੇ ਹੋ ਗਏ। ਸਾਰੇ ਜ਼ਖਮੀਆਂ ਨੂੰ ਸਫੀਦੋਂ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਭਾਗ ਸਿੰਘ ਅਤੇ ਇੱਕ ਹੋਰ ਔਰਤ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ 3 ਹੋਰ ਜ਼ਖਮੀਆਂ ਨੂੰ ਗੰਭੀਰ ਹਾਲਤ ਵਿੱਚ ਪੀ.ਜੀ.ਆਈ. ਰੋਹਤਕ ਰੈਫਰ ਕਰ ਦਿੱਤਾ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।