ਲੁਧਿਆਣਾ : ਸੀ.ਬੀ.ਐੱਸ.ਈ. ਸਕੂਲਾਂ ਵਿੱਚ 9ਵੀਂ ਅਤੇ 11ਵੀਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਭਲਕੇ ਤੋਂ ਸ਼ੁਰੂ ਹੋ ਕੇ 16 ਅਕਤੂਬਰ ਤੱਕ ਜਾਰੀ ਰਹੇਗੀ, ਜਿਸ ਲਈ ਸਕੂਲ ਰਜਿਸਟ੍ਰੇਸ਼ਨ ਵਿੰਡੋ ਖੁੱਲ੍ਹਣ ਤੋਂ ਬਾਅਦ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਕਰ ਸਕਣਗੇ। ਇਸ ਵਾਰ ਸਕੂਲਾਂ ਨੂੰ ਵਿਦਿਆਰਥੀਆਂ ਦੀ ਜਨਮ ਤਰੀਕ ਭਰਨ ਵੇਲੇ ਬੇਹੱਦ ਸਾਵਧਾਨੀ ਵਰਤਣੀ ਪਵੇਗੀ ਕਿਉਂਕਿ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐਸ.ਈ) ਨੇ 2025-26 ਦੀਆਂ ਸਾਲਾਨਾ ਪ੍ਰੀਖਿਆਵਾਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।
ਬੋਰਡ ਨੇ ਕਿਹਾ ਹੈ ਕਿ ਹੁਣ ਵਿਦਿਆਰਥੀਆਂ ਦੀ ਜਨਮ ਮਿਤੀ ਦਰਜ ਕਰਨ ਦਾ ਪੈਟਰਨ ਬਦਲਣਾ ਹੋਵੇਗਾ। ਇਸ ਦੇ ਅਨੁਸਾਰ ਜਨਮ ਦਾ ਦਿਨ ਅਤੇ ਸਾਲ ਅੰਕਾਂ ਵਿੱਚ ਲਿਖਿਆ ਜਾਵੇਗਾ, ਜਦੋਂ ਕਿ ਮਹੀਨਾ ਅੱਖਰਾਂ ਵਿੱਚ ਲਿਖਿਆ ਜਾਵੇਗਾ। ਉਦਾਹਰਨ ਲਈ ਜੇਕਰ ਕਿਸੇ ਵਿਦਿਆਰਥੀ ਦੀ ਜਨਮ ਮਿਤੀ 1 ਫਰਵਰੀ 2005 ਹੈ ਤਾਂ ਇਹ 01-Feb-2005 ਦਰਜ ਕੀਤੀ ਜਾਵੇਗੀ। ਬੋਰਡ ਨੇ ਇਸ ਵਾਰ ਹੋਰ ਬਦਲਾਅ ਵੀ ਕੀਤੇ ਹਨ। ਹੁਣ ਇੱਕ ਵਾਰ ਵਿਦਿਆਰਥੀ ਦਾ ਡਾਟਾ ਬੋਰਡ ਨੂੰ ਭੇਜ ਦਿੱਤਾ ਗਿਆ ਤਾਂ ਉਸ ਵਿੱਚ ਕੋਈ ਸੁਧਾਰ ਨਹੀਂ ਕੀਤਾ ਜਾ ਸਕਦਾ। ਇਸ ਤੋਂ ਪਹਿਲਾਂ, ਸਕੂਲ ਪ੍ਰੀਖਿਆ ਤੋਂ ਪਹਿਲਾਂ ਤੱਕ ਵਿਦਿਆਰਥੀਆਂ ਜਾਂ ਉਨ੍ਹਾਂ ਦੇ ਮਾਪਿਆਂ ਦੀ ਬੇਨਤੀ ‘ਤੇ ਜਨਮ ਮਿਤੀ ਜਾਂ ਨਾਮ ਵਿੱਚ ਸੁਧਾਰ ਕਰਦੇ ਸਨ। ਇਸ ਪ੍ਰਕਿਰਿਆ ਕਾਰਨ ਬੋਰਡ ਨੂੰ ਅੰਕੜਿਆਂ ਨੂੰ ਠੀਕ ਕਰਨ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪਿਆ। ਹੁਣ ਇਹ ਸੁਧਾਰ ਪ੍ਰੀਖਿਆਵਾਂ ਦੇ ਨਤੀਜੇ ਐਲਾਨੇ ਜਾਣ ਤੋਂ ਬਾਅਦ ਹੀ ਕੀਤਾ ਜਾ ਸਕਦਾ ਹੈ। ਇਹ ਬਦਲਾਅ ਸੀ.ਬੀ.ਐਸ.ਈ ਨੂੰ ਡਾਟਾ ਪ੍ਰਬੰਧਨ ਵਿੱਚ ਆਸਾਨ ਬਣਾ ਦੇਵੇਗਾ ਅਤੇ ਪ੍ਰੀਖਿਆ ਪ੍ਰਕਿਰਿਆ ਹੋਰ ਸੁਚਾਰੂ ਢੰਗ ਨਾਲ ਚੱਲੇਗੀ।
ਸੀ.ਬੀ.ਐਸ.ਈ. ਇਸ ਬਦਲਾਅ ਦੇ ਪਿੱਛੇ ਉਦੇਸ਼ ਜਨਮ ਤਰੀਕ ਨੂੰ ਦਰਜ ਕਰਨ ਵਿੱਚ ਉਲਝਣ ਨੂੰ ਘੱਟ ਕਰਨਾ ਹੈ। ਸਕੂਲਾਂ ਨੇ ਵੀ ਬੋਰਡ ਦੇ ਇਸ ਫ਼ੈਸਲੇ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਪੂਰੀ ਜਨਮ ਮਿਤੀ ਅੰਕਾਂ ਵਿੱਚ ਦਰਜ ਹੋਣ ’ਤੇ ਕਈ ਗਲਤਫਹਿਮੀਆਂ ਹੋ ਜਾਂਦੀਆਂ ਸਨ। ਖਾਸ ਤੌਰ ‘ਤੇ, ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਖ-ਵੱਖ ਮਿਤੀ ਫਾਰਮੈਟਾਂ ਦੀ ਵਰਤੋਂ ਕੀਤੀ ਜਾਂਦੀ ਸੀ, ਜਿਸ ਨਾਲ ਇਹ ਨਿਰਧਾਰਤ ਕਰਨਾ ਮੁਸ਼ਕਲ ਹੋ ਗਿਆ ਸੀ ਕਿ ਜਨਮ ਮਿਤੀ ਕਿਸ ਫਾਰਮੈਟ ਵਿੱਚ ਲਿਖੀ ਗਈ ਹੈ।