ਨਾਭਾ : ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿੱਚ ਹਿੰਦੂ ਸੰਗਠਨ (Hindu Organizations) ਨਾਭਾ ਸ਼ਹਿਰ ਨੂੰ ਮੁਕੰਮਲ ਤੌਰ ’ਤੇ ਬੰਦ ਕਰਕੇ ਸੜਕਾਂ ’ਤੇ ਉਤਰ ਆਏ ਹਨ।
ਦਰਅਸਲ ਵਾਮਨ ਦ੍ਵਾਦਸ਼ੀ ਤੋਂ ਪਹਿਲਾਂ ਨਾਭਾ ਨਗਰ ਕੌਂਸਲ ਵੱਲੋਂ ਧਾਰਮਿਕ ਸੰਸਥਾਵਾਂ ਦੇ ਬੋਰਡ ਹਟਾ ਕੇ ਕੂੜੇ ਦੀ ਟਰਾਲੀ ਵਿੱਚ ਪਾ ਦਿੱਤੇ ਗਏ ਸਨ ਅਤੇ ਇਸ ਲਈ ਨਾਭਾ ਨਗਰ ਕੌਂਸਲ ਦੀ ਪ੍ਰਧਾਨ ਦੇ ਪਤੀ ਨੂੰ ਸਿੱਧੇ ਤੌਰ ’ਤੇ ਦੋਸ਼ੀ ਠਹਿਰਾਇਆ ਗਿਆ ਸੀ। ਦੋਸ਼ ਹੈ ਕਿ ਇਨ੍ਹਾਂ ਬੋਰਡਾਂ ਵਿੱਚ ਉਨ੍ਹਾਂ ਦੀ ਫੋਟੋ ਨਾ ਹੋਣ ਕਾਰਨ ਉਨ੍ਹਾਂ ਵੱਲੋਂ ਸਮਾਗਮ ਤੋਂ ਪਹਿਲਾਂ ਇਹ ਬੋਰਡ ਹਟਾ ਦਿੱਤੇ ਗਏ ਸਨ। ਮੇਲੇ ਤੋਂ ਬਾਅਦ ਅੱਜ ਸੋਮਵਾਰ ਸਵੇਰੇ ਵਪਾਰ ਮੰਡਲ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਹਿੰਦੂ ਭਾਈਚਾਰੇ ਦੇ ਲੋਕ ਸਥਾਨਕ ਦੇਵੀ ਦਿਆਲਾ ਚੌਕ ਮੰਦਰ ਵਿੱਚ ਇਕੱਠੇ ਹੋਏ ਅਤੇ ‘ਆਪ’ ਆਗੂ ਪੰਕਜ ਪੱਪੂ ਖ਼ਿਲਾਫ਼ ਗੁੱਸੇ ਦਾ ਪ੍ਰਗਟਾਵਾ ਕੀਤਾ। ਹਿੰਦੂ ਜਥੇਬੰਦੀਆਂ ਵੱਲੋਂ ਵੀ ਅਪੀਲ ਕੀਤੀ ਗਈ ਸੀ ਕਿ ਪੁਿਲਸ ਵੱਲੋਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਜਾਵੇ।
ਇਸ ਮੁੱਦੇ ’ਤੇ ਬੋਲਦਿਆਂ ਹਿੰਦੂ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਨਾਭਾ ਨਗਰ ਕੌਂਸਲ ਵੱਲੋਂ ਕੂੜੇ ਦੀਆਂ ਟਰਾਲੀਆਂ ਵਿੱਚ ਭਗਵਾਨ ਵਾਮਨ ਦੀਆਂ ਤਸਵੀਰਾਂ ਸੁੱਟੀਆਂ ਗਈਆਂ ਸਨ, ਜਿਸ ਕਾਰਨ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਉਨ੍ਹਾਂ ਕਿਹਾ ਕਿ ਸਾਡੀ ਮੰਗ ਹੈ ਕਿ ਪੰਕਜ ਪੱਪੂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਕੇਸ ਦਰਜ ਕੀਤਾ ਜਾਵੇ।