ਰਾਂਚੀ: ਮੁੱਖ ਮੰਤਰੀ ਹੇਮੰਤ ਸੋਰੇਨ (Chief Minister Hemant Soren) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦੇ ਝਾਰਖੰਡ ਦੌਰੇ ਦੌਰਾਨ ਰਾਂਚੀ ਹਵਾਈ ਅੱਡੇ ‘ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਸ਼ਾਲ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਵਿਦਾਇਗੀ ਦਿੱਤੀ। ਇਸ ਦੌਰਾਨ ਭਾਜਪਾ ਦੇ ਕਈ ਸੀਨੀਅਰ ਆਗੂ, ਰਾਜ ਦੇ ਮੁੱਖ ਸਕੱਤਰ ਐਲ ਖਯਾਂਗਟੇ, ਡੀ.ਜੀ.ਪੀ. ਅਨੁਰਾਗ ਗੁਪਤਾ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਸੋਸ਼ਲ ਮੀਡੀਆ ‘ਤੇ ਪ੍ਰਧਾਨ ਮੰਤਰੀ ਮੋਦੀ ਨਾਲ ਆਪਣੀ ਮੁਲਾਕਾਤ ਦੀਆਂ ਤਸਵੀਰਾਂ ਵੀ ਪੋਸਟ ਕੀਤੀਆਂ ਹਨ। ਉਨ੍ਹਾਂ ਨੇ ‘ਐਕਸ’ ‘ਤੇ ਲਿਖਿਆ ਦੇਸ਼ ਦੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਰਾਂਚੀ ਹਵਾਈ ਅੱਡੇ ‘ਤੇ ਮੁਲਾਕਾਤ ਕਰ ਯਾਦਗਾਰੀ ਚਿੰਨ੍ਹ ਭੇਟ ਕੀਤਾ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਦਿਨ ਦੇ ਝਾਰਖੰਡ ਦੇ ਦੌਰੇ ‘ਤੇ ਆਏ ਸਨ। ਇਸ ਦੌਰਾਨ ਪੀ.ਐਮ ਮੋਦੀ ਨੇ 6 ਵੰਦੇ ਭਾਰਤ ਟਰੇਨਾਂ ਗਿਫਟ ਕੀਤੀਆਂ। ਇਸ ਦੇ ਨਾਲ ਹੀ ਕਈ ਸਕੀਮਾਂ ਦਾ ਨੀਂਹ ਪੱਥਰ ਅਤੇ ਉਦਘਾਟਨ ਵੀ ਕੀਤਾ।