ਰਾਂਚੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਰਾਂਚੀ ਵਿੱਚ ਅੱਜ ਡਿਜੀਟਲ ਮਾਧਿਅਮ ਰਾਹੀਂ ਝਾਰਖੰਡ, ਉੜੀਸਾ, ਬਿਹਾਰ ਅਤੇ ਉੱਤਰ ਪ੍ਰਦੇਸ਼ ਲਈ ਛੇ ਵੰਦੇ ਭਾਰਤ ਰੇਲ ਗੱਡੀਆਂ (Six Vande Bharat Trains) ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਤੁਹਾਨੂੰ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨੇ ਟਾਟਾਨਗਰ ਤੋਂ ਇਨ੍ਹਾਂ ਟਰੇਨਾਂ ਨੂੰ ਹਰੀ ਝੰਡੀ ਦਿਖਾਉਣੀ ਸੀ ਪਰ ਘੱਟ ਵਿਜ਼ੀਬਿਲਟੀ ਅਤੇ ਖਰਾਬ ਮੌਸਮ ਕਾਰਨ ਉਨ੍ਹਾਂ ਦਾ ਹੈਲੀਕਾਪਟਰ ਟੇਕ ਆਫ ਨਹੀਂ ਕਰ ਸਕਿਆ। ਇਸ ਮੌਕੇ ਟਾਟਾਨਗਰ ਸਟੇਸ਼ਨ ‘ਤੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਝਾਰਖੰਡ ਦੇ ਰਾਜਪਾਲ ਸੰਤੋਸ਼ ਕੁਮਾਰ ਗੰਗਵਾਰ ਮੌਜੂਦ ਸਨ। ਇਹ ਨਵੀਆਂ ਟਰੇਨਾਂ ਟਾਟਾਨਗਰ-ਪਟਨਾ, ਬ੍ਰਹਮਪੁਰ-ਟਾਟਾਨਗਰ, ਰੁੜਕੇਲਾ-ਹਾਵੜਾ, ਦੇਵਘਰ-ਵਾਰਾਣਸੀ, ਭਾਗਲਪੁਰ-ਹਾਵੜਾ ਅਤੇ ਗਯਾ-ਹਾਵੜਾ ਰੂਟਾਂ ‘ਤੇ ਚੱਲਣਗੀਆਂ।
ਪ੍ਰਧਾਨ ਮੰਤਰੀ ਦਫ਼ਤਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਟਰੇਨਾਂ ਯਾਤਰਾ ਦੇ ਸਮੇਂ ਨੂੰ ਘਟਾਉਣ ਵਿੱਚ ਮਦਦ ਕਰਨਗੀਆਂ। ਇਹ ਵੰਦੇ ਭਾਰਤ ਐਕਸਪ੍ਰੈਸ ਟਰੇਨਾਂ ਨਿਯਮਤ ਯਾਤਰੀਆਂ, ਪੇਸ਼ੇਵਰਾਂ, ਕਾਰੋਬਾਰੀਆਂ ਅਤੇ ਵਿ ਦਿਆਰਥੀ ਭਾਈਚਾਰਿਆਂ ਨੂੰ ਲਾਭ ਪਹੁੰਚਾਉਣਗੀਆਂ। ਇਹ ਰੇਲ ਗੱਡੀਆਂ ਦੇਵਘਰ (ਝਾਰਖੰਡ) ਵਿੱਚ ਬੈਦਿਆਨਾਥ ਧਾਮ, ਵਾਰਾਣਸੀ (ਉੱਤਰ ਪ੍ਰਦੇਸ਼) ਵਿੱਚ ਕਾਸ਼ੀ ਵਿਸ਼ਵਨਾਥ ਮੰਦਰ, ਕੋਲਕਾਤਾ (ਪੱਛਮੀ ਬੰਗਾਲ) ਵਿੱਚ ਕਾਲੀਘਾਟ, ਬੇਲੂਰ ਮੱਠ ਵਰਗੇ ਤੀਰਥ ਸਥਾਨਾਂ ਦੀ ਯਾਤਰਾ ਦੇ ਸਮੇਂ ਨੂੰ ਘਟਾ ਕੇ ਇਸ ਖੇਤਰ ਵਿੱਚ ਧਾਰਮਿਕ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰਨਗੀਆਂ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਨਾਲ ਧਨਬਾਦ ਵਿੱਚ ਕੋਲਾ ਅਤੇ ਖਾਣ ਉਦਯੋਗ, ਕੋਲਕਾਤਾ ਵਿੱਚ ਜੂਟ ਉਦਯੋਗ ਅਤੇ ਦੁਰਗਾਪੁਰ ਵਿੱਚ ਲੋਹੇ ਅਤੇ ਸਟੀਲ ਨਾਲ ਸਬੰਧਤ ਸੈਕਟਰ ਨੂੰ ਵੀ ਹੁਲਾਰਾ ਮਿਲੇਗਾ।