ਪਟਿਆਲਾ : ਪੰਜਾਬ ‘ਚ ਚੱਲ ਰਹੀ ਪੰਜਾਬ ਸਟੇਟ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ (The Punjab State Medical Services Association),(ਪੀ.ਐੱਸ.ਐੱਮ.ਐੱਸ.ਏ.) ਦੀ ਹੜਤਾਲ ਦੇ ਮੁੱਦੇ ਨੂੰ ਗੰਭੀਰਤਾ ਨਾਲ ਲੈਂਦਿਆਂ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਐਸੋਸੀਏਸ਼ਨ ਦੀ ਹਰ ਜ਼ਿਲ੍ਹਾ ਇਕਾਈ ਨੂੰ ਮਿਲ ਕੇ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਹੈ। ਇਸ ਦੌਰਾਨ ਡਾਕਟਰਾਂ ਨੇ ਵੀ 3 ਘੰਟੇ ਲਈ ਹੜਤਾਲ ਕਰਕੇ ਅੱਜ ਓ.ਪੀ.ਡੀ. ਖੋਲ੍ਹਣ ਦਾ ਫ਼ੈਸਲਾ ਕੀਤਾ ਹੈ।
ਇਸ ਮੁੱਦੇ ‘ਤੇ ਕਾਡਰ ਦੀ ਨਾਰਾਜ਼ਗੀ ਨੂੰ ਦੂਰ ਕਰਨ ਲਈ ਅੱਜ ਮੁੱਖ ਮੰਤਰੀ ਦੇ ਦਖਲ ਤੋਂ ਬਾਅਦ ਜ਼ਿਲ੍ਹਾ ਪੱਧਰ ‘ਤੇ ਸਥਾਪਤ ਕੀਤੇ ਜਾ ਰਹੇ ਵਨ ਟੂ ਵਨ ਸੰਚਾਰ ਚੈਨਲ ਦਾ ਡਾਕਟਰਾਂ ਨੇ ਤਹਿ ਦਿਲੋਂ ਸਵਾਗਤ ਕੀਤਾ ਹੈ। ਅੱਜ 14 ਸਤੰਬਰ ਨੂੰ ਬਾਅਦ ਦੁਪਹਿਰ 2 ਵਜੇ ਐਸੋਸੀਏਸ਼ਨ ਵੱਲੋਂ ਇੱਕ ਵਾਰ ਫਿਰ ਚੰਡੀਗੜ੍ਹ ਪੰਜਾਬ ਭਵਨ ਵਿਖੇ ਸਿਹਤ ਮੰਤਰੀ ਡਾ: ਬਲਬੀਰ ਸਿੰਘ, ਵਿਭਾਗੀ ਸਕੱਤਰ ਤੇ ਵਿੱਤ ਸਕੱਤਰ ਨਾਲ ਮੀਟਿੰਗ ਸੱਦੀ ਗਈ ਹੈ ਅਤੇ ਡਾਕਟਰਾਂ ਦਾ ਮੰਨਣਾ ਹੈ ਕਿ ਸਰਕਾਰ ਇਸ ਦਾ ਕੋਈ ਹੱਲ ਜ਼ਰੂਰ ਕੱਢੇਗੀ । ਇਸ ਮੀਟਿੰਗ ਵਿੱਚ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਦੇ ਡਾਕਟਰ ਭਾਗ ਲੈਣਗੇ ਅਤੇ ਅਗਲਾ ਫ਼ੈਸਲਾ ਭਲਕੇ ਮੀਟਿੰਗ ਤੋਂ ਬਾਅਦ ਲਿਆ ਜਾਵੇਗਾ।