ਪਟਿਆਲਾ: ਪਟਿਆਲਾ ਦੇ ਸਰਕਾਰੀ ਰਾਜਿੰਦਰ ਹਸਪਤਾਲ (Government Rajendra Hospital) ਦੇ ਲੇਬਰ ਰੂਮ ਵਿੱਚ ਮਹਿਲਾ ਡਾਕਟਰ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ ਦੀ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ ਵੱਲੋਂ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਨੂੰ ਲਿਖੇ ਪੱਤਰ ਵਿੱਚ ਦੱਸਿਆ ਗਿਆ ਹੈ ਕਿ ਜਦੋਂ ਉਕਤ ਮਹਿਲਾ ਡਾਕਟਰ 12 ਸਤੰਬਰ ਦੀ ਰਾਤ ਨੂੰ ਲੇਬਰ ਰੂਮ ਵਿੱਚ ਡਿਊਟੀ ’ਤੇ ਸੀ ਤਾਂ ਇੱਕ ਈ.ਜੀ.ਸੀ. ਤਕਨੀਸ਼ੀਅਨ ਨੇ ਉਸ ਨੂੰ ਐਤਰਾਜਯੋਗ ਤਰੀਕੇ ਨਾਲ ਛੂਹਿਆ।
ਇਸ ਮਹਿਲਾ ਡਾਕਟਰ ਨੇ ਮਾਮਲੇ ਸਬੰਧੀ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ। ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ ਰਾਜਿੰਦਰ ਹਸਪਤਾਲ ਯੂਨਿਟ ਦੇ ਮੁਖੀ ਡਾ: ਅਕਸ਼ੈ ਸੇਠ, ਵਾਈਸ ਪਿ੍ੰਸੀਪਲ ਡਾ: ਰਮਨਦੀਪ ਸਿੰਘ, ਵਾਈਸ ਪਿ੍ੰਸੀਪਲ ਡਾ: ਨ੍ਰਿਪ ਜਿੰਦਲ ਅਤੇ ਜਨਰਲ ਸਕੱਤਰ ਡਾ: ਮਿਲਨ ਪ੍ਰੀਤ ਨੇ ਡਾਇਰੈਕਟਰ ਪਿ੍ੰਸੀਪਲ ਨੂੰ ਪੱਤਰ ਲਿਖ ਕੇ ਦੋਸ਼ੀ ‘ਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ । ਇਹ ਵੀ ਕਿਹਾ ਗਿਆ ਕਿ ਹਸਪਤਾਲ ਵਿੱਚ ਇੱਕ ਸੁਰੱਖਿਅਤ ਅਤੇ ਸਨਮਾਨਜਨਕ ਕੰਮ ਕਰਨ ਵਾਲਾ ਮਾਹੌਲ ਬਹੁਤ ਮਹੱਤਵਪੂਰਨ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਪ੍ਰਸ਼ਾਸਨ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰੇਗਾ।