ਹਨੋਈ : ਵੀਅਤਨਾਮ ਦੇ ਉੱਤਰੀ ਖੇਤਰ ‘ਚ ਆਏ ਤੂਫਾਨ ਯਾਗੀ ਅਤੇ ਉਸ ਤੋਂ ਬਾਅਦ ਅੱਜ ਸਵੇਰੇ ਆਏ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 65 ਹੋ ਗਈ, ਜਦੋਂ ਕਿ 39 ਹੋਰ ਲਾਪਤਾ ਹਨ। ਦੇਸ਼ ਦੇ ਖੇਤੀਬਾੜੀ ਅਤੇ ਪੇਂਡੂ ਵਿਕਾਸ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ। ਮੰਤਰਾਲੇ ਨੇ ਕਿਹਾ ਕਿ ਤੂਫਾਨ ਕਾਰਨ 752 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ‘ਚ ਕੁਆਂਗ ਨਿਨਹ ਸੂਬੇ ‘ਚ 536 ਅਤੇ ਹੈ ਫੋਂਗ ਸ਼ਹਿਰ ‘ਚ 81 ਲੋਕ ਜ਼ਖਮੀ ਹੋਏ ਹਨ।
ਸਥਾਨਕ ਮੀਡੀਆ ਨੇ ਦੱਸਿਆ ਕਿ ਅੱਜ ਸਵੇਰੇ ਲਾਓ ਕਾਈ ਅਤੇ ਯੇਨ ਬਾਈ ਪ੍ਰਾਂਤਾਂ ਵਿੱਚ ਥਾਓ ਨਦੀ ਦਾ ਪਾਣੀ ਦਾ ਪੱਧਰ 1968 ਅਤੇ 2008 ਦੇ ਇਤਿਹਾਸਕ ਰਿਕਾਰਡਾਂ ਨਾਲੋਂ ਇੱਕ ਮੀਟਰ ਵੱਧ ਗਿਆ। ਰਾਜਧਾਨੀ ਹਨੋਈ ‘ਚ ਬੁਈ ਅਤੇ ਕਾਉ ਨਦੀਆਂ ਦਾ ਪਾਣੀ ਸਭ ਤੋਂ ਉੱਚੇ ਅਲਰਟ ਪੱਧਰ 3 ‘ਤੇ ਪਹੁੰਚ ਗਿਆ ਹੈ। ਹਨੋਈ ਵਿੱਚ ਲਾਲ ਨਦੀ ਦੇ ਪਾਣੀ ਦਾ ਪੱਧਰ ਵਧਣ ਕਾਰਨ ਬੀਤੀ ਰਾਤ ਤੋਂ ਸ਼ਹਿਰ ਦੇ ਕਈ ਅੰਦਰੂਨੀ ਇਲਾਕਿਆਂ ਵਿੱਚ ਹੜ੍ਹ ਦੀ ਸਥਿਤੀ ਬਣ ਗਈ ਹੈ।
ਵੀਅਤਨਾਮ ਦੇ ਪ੍ਰਧਾਨ ਮੰਤਰੀ ਫਾਮ ਮਿਨਹ ਚਿਨਹ ਨੇ ਪੰਜ ਤੂਫ਼ਾਨ ਪ੍ਰਭਾਵਿਤ ਸੂਬਿਆਂ ਦੀ ਸਹਾਇਤਾ ਲਈ 2024 ਦੇ ਕੇਂਦਰੀ ਬਜਟ ਰਿਜ਼ਰਵ ਵਿੱਚੋਂ 100 ਬਿਲੀਅਨ ਵੀਅਤਨਾਮੀ ਡੋਂਗ (ਲਗਭਗ 4 ਮਿਲੀਅਨ ਅਮਰੀਕੀ ਡਾਲਰ) ਅਲਾਟ ਕਰਨ ਦਾ ਫ਼ੈਸਲਾ ਕੀਤਾ ਹੈ।