Home ਪੰਜਾਬ ਇਤਿਹਾਸਕ ਗੋਲਕਨਾਥ ਮੈਮੋਰੀਅਲ ਚਰਚ ਨੂੰ ਵੇਚਣ ਦੀ ਕੋਸ਼ਿਸ਼ ਕਰਨ ਵਾਲੇ ਦਾ ਹੋਇਆ...

ਇਤਿਹਾਸਕ ਗੋਲਕਨਾਥ ਮੈਮੋਰੀਅਲ ਚਰਚ ਨੂੰ ਵੇਚਣ ਦੀ ਕੋਸ਼ਿਸ਼ ਕਰਨ ਵਾਲੇ ਦਾ ਹੋਇਆ ਵੱਡਾ ਖੁਲਾਸਾ

0

ਜਲੰਧਰ : ਸ਼ਹਿਰ ਦੇ ਮਿਸ਼ਨ ਕੰਪਾਊਂਡ ‘ਚ ਸਥਿਤ 135 ਸਾਲ ਪੁਰਾਣੇ ਅਤੇ ਇਤਿਹਾਸਕ ਇਮਾਰਤਾਂ ‘ਚੋਂ ਇਕ ਗੋਲਕਨਾਥ ਮੈਮੋਰੀਅਲ ਚਰਚ (Golaknath Memorial Church) ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਤਿਹਾਸਕ ਟਰੱਸਟ ਦੀ ਰਜਿਸਟਰੀ 2 ਦਿਨਾਂ ਬਾਅਦ ਹੋ ਜਾਣੀ ਸੀ ਪਰ ਇਸ ਤੋਂ ਪਹਿਲਾਂ ਜਦੋਂ ਟਰੱਸਟ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਜ਼ਿਲ੍ਹਾ ਮੈਜਿਸਟਰੇਟ ਨੂੰ ਸੂਚਿਤ ਕੀਤਾ ਅਤੇ ਬਾਅਦ ਵਿੱਚ ਪੁਿਲਸ ਕਮਿਸ਼ਨਰ ਨੂੰ ਵੀ ਸ਼ਿਕਾਇਤ ਕੀਤੀ।

ਪੁਿਲਸ ਨੂੰ ਦਿੱਤੀ ਸ਼ਿਕਾਇਤ ‘ਚ ਯੂਨਾਈਟਿਡ ਚਰਚ ਆਫ ਨਾਰਥ ਇੰਡੀਆ ਟਰੱਸਟ ਦੇ ਸਕੱਤਰ ਅਮਿਤ ਕੇ. ਪ੍ਰਕਾਸ਼ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਇਸ ਬਾਰੇ ਬੀਤੇ ਮੰਗਲਵਾਰ ਨੂੰ ਪਤਾ ਲੱਗਾ ਤਾਂ ਉਨ੍ਹਾਂ ਜਾਂਚ ਕਰਵਾਈ। ਪਤਾ ਲੱਗਾ ਕਿ ਲੁਧਿਆਣਾ ਦੇ ਈਸਾ ਨਗਰ ਦੇ ਰਹਿਣ ਵਾਲੇ ਜੌਰਡਨ ਮਸੀਹ ਨੇ 5 ਕਰੋੜ ਰੁਪਏ ਦੀ ਬਿਆਨਾ ਰਾਸ਼ੀ ਦੇ ਕੇ ਲਾਡੋਵਾਲੀ ਰੋਡ ਦੇ ਰਹਿਣ ਵਾਲੇ ਬਾਬਾ ਦੱਤਾ ਨਾਲ 24 ਕਨਾਲ ਤੋਂ ਵੱਧ ਦੀ ਚਰਚ ਦੀ ਜਾਇਦਾਦ ਦਾ ਸੌਦਾ ਕੀਤਾ ਸੀ। ਫਰਦ ‘ਤੇ ਚਰਚ ਦਾ ਖਸਰਾ ਨੰਬਰ ਵੀ ਸੀ, ਜਦਕਿ ਟਰੱਸਟ ਵੱਲੋਂ 5 ਕਰੋੜ ਰੁਪਏ ਦੀ ਬਿਆਨਾ ਰਾਸ਼ੀ ਦਾ ਬਿਆਨ ਵੀ ਲਿਆ ਗਿਆ ਸੀ।

ਇਹ ਵੀ ਖੁਲਾਸਾ ਹੋਇਆ ਸੀ ਕਿ ਚਰਚ ਨੂੰ ਵੇਚਣ ਲਈ ਯੂਨਾਈਟਿਡ ਚਰਚ ਆਫ ਨਾਰਥ ਇੰਡੀਆ ਦੇ ਨਾਂ ‘ਤੇ ਫਰਜ਼ੀ ਟਰੱਸਟ ਵੀ ਬਣਾਈ ਹੋਈ ਸੀ। ਬੀਤੇ ਸ਼ੁੱਕਰਵਾਰ ਨੂੰ ਇਹ ਖਬਰ ਸ਼ਰਧਾਲੂਆਂ ‘ਚ ਫੈਲ ਗਈ, ਜਿਸ ਤੋਂ ਬਾਅਦ ਭਾਰੀ ਹੰਗਾਮਾ ਹੋ ਗਿਆ। ਇਸ ਸਬੰਧੀ ਜਾਣਕਾਰੀ ਜ਼ਿਲ੍ਹਾ ਮੈਜਿਸਟਰੇਟ ਹਿਮਾਂਸ਼ੂ ਅਗਰਵਾਲ ਨੂੰ ਦਿੱਤੀ ਗਈ। ਤਹਿਸੀਲਦਾਰ-1 ਮਨਿੰਦਰ ਸਿੰਘ ਨੇ ਵੀ ਕਾਹਲੀ ਨਾਲ ਰਜਿਸਟਰੀ ਬੰਦ ਕਰਵਾ ਦਿੱਤੀ। ਸਕੱਤਰ ਅਮਿਤ ਕੇ. ਪ੍ਰਕਾਸ਼ ਨੇ ਇਸ ਸਬੰਧੀ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੂੰ ਲਿਖਤੀ ਸ਼ਿਕਾਇਤ ਦੇ ਕੇ ਇਸ ਧੋਖਾਧੜੀ ਦੀ ਕੋਸ਼ਿਸ਼ ਵਿੱਚ ਸ਼ਾਮਲ ਨਟਵਰਲਾਲ ਜੌਰਡਨ ਮਸੀਹ ਵਾਸੀ ਈਸਾ ਨਗਰ ਲੁਧਿਆਣਾ ਅਤੇ ਬਾਬਾ ਦੱਤਾ ਵਾਸੀ ਲਾਡੋਵਾਲੀ ਰੋਡ ਅਤੇ ਹੋਰਨਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਪੁਿਲਸ ਨੇ ਤੁਰੰਤ ਕਾਰਵਾਈ ਕਰਦਿਆਂ ਜੋਰਡਨ ਮਸੀਹ ਅਤੇ ਬਾਬਾ ਦੱਤਾ ਖ਼ਿਲਾਫ਼ ਥਾਣਾ ਨਈ ਬਾਰਾਂਦਰੀ ਵਿੱਚ ਕੇਸ ਦਰਜ ਕਰ ਲਿਆ ਹੈ। ਥਾਣਾ ਸਦਰ ਦੇ ਇੰਚਾਰਜ ਕਮਲਜੀਤ ਸਿੰਘ ਨੇ ਕੇਸ ਦਰਜ ਕਰਨ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਕੁਝ ਹੋਰ ਲੋਕ ਵੀ ਸ਼ਾਮਲ ਹਨ ਅਤੇ ਜਿਨ੍ਹਾਂ ਦੀ ਭੂਮਿਕਾ ਸਾਹਮਣੇ ਆਵੇਗੀ, ਉਨ੍ਹਾਂ ਦੇ ਨਾਂ ਦਰਜ ਕੀਤੇ ਜਾਣਗੇ। 1895 ਦਾ ਚਰਚ ਬਣਾਇਆ ਗਿਆ ਸੀ ਜੋ ਇਤਿਹਾਸਕ ਇਮਾਰਤਾਂ ਵਿੱਚ ਵੀ ਸ਼ਾਮਲ ਹੈ। ਦੂਜੇ ਪਾਸੇ ਲੁਧਿਆਣਾ ਦੇ ਨਟਵਰ ਲਾਲ ਜਾਰਡਨ ਮਸੀਹ ਨੇ ਸਹਾਰਨਪੁਰ ਵਿਚ ਇਕ ਚਰਚ ਨੂੰ ਵੇਚਣ ਦੀ ਕੋਸ਼ਿਸ਼ ਵੀ ਕੀਤੀ ਸੀ, ਜਿਸ ਵਿਚ ਉਹ ਆਪਣੇ ਸਾਥੀ ਸਮੇਤ ਫੜਿਆ ਗਿਆ ਸੀ। ਹੁਣ ਉਹ ਜ਼ਮਾਨਤ ‘ਤੇ ਹੈ।

Exit mobile version