ਪਾਕਿਸਤਾਨ : ਉੱਤਰ-ਪੱਛਮੀ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ‘ਚ ਫੌਜ ਦੇ ਹੈੱਡਕੁਆਰਟਰ ‘ਤੇ ਅੱਜ ਅੱਤਵਾਦੀ ਹਮਲਾ ਹੋਇਆ। ਇਸ ਹਮਲੇ ‘ਚ ਘੱਟੋ-ਘੱਟ ਦੋ ਆਤਮਘਾਤੀ ਹਮਲਾਵਰ ਮਾਰੇ ਗਏ। ਸੁਰੱਖਿਆ ਬਲਾਂ ਮੁਤਾਬਕ ਇਹ ਹਮਲਾ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਮੋਹਮੰਦ ਜ਼ਿਲ੍ਹੇ ਦੇ ਘਲਾਨਈ ਕਸਬੇ ‘ਚ ਸਥਿਤ ਮੁਹੰਮਦ ਰਾਈਫਲਜ਼ ਦੇ ਹੈੱਡਕੁਆਰਟਰ ‘ਤੇ ਕੀਤਾ ਗਿਆ।
ਸੁਰੱਖਿਆ ਬਲਾਂ ਨੇ ਦੱਸਿਆ ਕਿ ਮੁਕਾਬਲੇ ਦੌਰਾਨ ਪੰਜ ਆਤਮਘਾਤੀ ਹਮਲਾਵਰਾਂ ਵਿੱਚੋਂ ਦੋ ਮਾਰੇ ਗਏ। ਮੁੱਠਭੇੜ ਅਜੇ ਵੀ ਜਾਰੀ ਹੈ ਅਤੇ ਹੈੱਡਕੁਆਰਟਰ ‘ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਘਲਾਨਈ ਹੈੱਡਕੁਆਰਟਰ ਪਿਸ਼ਾਵਰ ਤੋਂ ਲਗਭਗ 50 ਕਿਲੋਮੀਟਰ ਦੂਰ ਮੁਹੰਮਦ ਕਬਾਇਲੀ ਜ਼ਿਲ੍ਹੇ ਵਿੱਚ ਸਥਿਤ ਹੈ।
ਹਾਲ ਹੀ ‘ਚ ਇਸ ਖੇਤਰ ‘ਚ ਜਮਾਤ ਉਲ ਅਹਰਾਰ ਅੱਤਵਾਦੀ ਸਮੂਹ ਦੀਆਂ ਗਤੀਵਿਧੀਆਂ ਵਧੀਆਂ ਹਨ। ਇਹ ਸਮੂਹ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਦਾ ਹਿੱਸਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਹਮਲੇ ਪਿੱਛੇ ਜਮਾਤ-ਉਲ-ਅਹਰਾਰ ਗਰੁੱਪ ਦਾ ਹੱਥ ਹੈ।