ਜਲੰਧਰ : ਜਲੰਧਰ ਦੇ ਲੋਕਾਂ ਲਈ ਅਹਿਮ ਖਬਰ ਹੈ। ਦਰਅਸਲ, ਡੇਂਗੂ ਦੇ 2 ਹੋਰ ਪਾਜ਼ੇਟਿਵ ਕੇਸਾਂ ਦਾ ਪਤਾ ਲੱਗਣ ਨਾਲ ਜ਼ਿਲ੍ਹੇ ਵਿੱਚ ਡੇਂਗੂ ਪਾਜ਼ੇਟਿਵ ਮਰੀਜ਼ਾਂ (Dengue Positive Patients) ਦੀ ਗਿਣਤੀ 30 ਹੋ ਗਈ ਹੈ, ਜਿਨ੍ਹਾਂ ਵਿੱਚੋਂ 20 ਮਰੀਜ਼ ਸ਼ਹਿਰੀ ਅਤੇ 10 ਪੇਂਡੂ ਖੇਤਰ ਦੇ ਵਸਨੀਕ ਹਨ।
ਜ਼ਿਲ੍ਹਾ ਐਪੀਡੀਮੋਲੋਜਿਸਟ ਡਾ: ਅਦਿੱਤਿਆ ਪਾਲ ਨੇ ਦੱਸਿਆ ਕਿ ਬੀਤੇ ਦਿਨ ਡੇਂਗੂ ਪਾਜ਼ੇਟਿਵ ਪਾਏ ਗਏ ਦੋਵੇਂ ਮਰੀਜ਼ ਮਹਿਤਪੁਰ ਦੇ ਵਸਨੀਕ ਹਨ ਅਤੇ ਇੱਕ 39 ਸਾਲਾ ਪੁਰਸ਼ ਅਤੇ ਇੱਕ 31 ਸਾਲਾ ਔਰਤ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਡੇਂਗੂ ਦੇ 30 ਸ਼ੱਕੀ ਮਰੀਜ਼ਾਂ ਦੇ ਸੈਂਪਲਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 3 ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਜਿਨ੍ਹਾਂ ਵਿੱਚੋਂ ਇੱਕ ਮਰੀਜ਼ ਦੂਜੇ ਜ਼ਿਲ੍ਹੇ ਦਾ ਵਸਨੀਕ ਹੈ।
ਡਾ: ਅਦਿੱਤਿਆ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਐਂਟੀ ਲਾਰਵਾ ਟੀਮਾਂ ਨੇ ਬੀਤੇ ਦਿਨ ਸ਼ਹਿਰੀ ਖੇਤਰ ਦੇ 492 ਘਰਾਂ ਅਤੇ ਪੇਂਡੂ ਖੇਤਰਾਂ ਦੇ 1193 ਘਰਾਂ ਦਾ ਸਰਵੇਖਣ ਕੀਤਾ ਅਤੇ ਉਨ੍ਹਾਂ ਨੂੰ 15 ਥਾਵਾਂ ‘ਤੇ ਡੇਂਗੂ ਫੈਲਾਉਣ ਵਾਲੇ ਮੱਛਰਾਂ ਦੇ ਲਾਰਵੇ ਮਿਲੇ। ਇਨ੍ਹਾਂ ਵਿੱਚੋਂ 8 ਥਾਵਾਂ ਸ਼ਹਿਰੀ ਅਤੇ 7 ਪੇਂਡੂ ਖੇਤਰਾਂ ਦੇ ਹਨ। ਵਿਭਾਗ ਦੀਆਂ ਐਂਟੀ-ਲਾਰਵਾ ਟੀਮਾਂ ਵੱਲੋਂ ਹੁਣ ਤੱਕ ਜ਼ਿਲ੍ਹੇ ਦੇ 2,70,311 ਘਰਾਂ ਦਾ ਸਰਵੇ ਕੀਤਾ ਗਿਆ ਹੈ ਅਤੇ ਇਸ ਦੌਰਾਨ ਉਨ੍ਹਾਂ ਨੂੰ 679 ਥਾਵਾਂ ‘ਤੇ ਲਾਰਵਾ ਮਿਲਿਆ, ਜਿਨ੍ਹਾਂ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ ਗਿਆ।