Home ਪੰਜਾਬ ਪੰਜਾਬ ਵਿਧਾਨ ਸਭਾ ਸੈਸ਼ਨ ਸ਼ੁਰੂ ਹੁੰਦੇ ਹੀ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ...

ਪੰਜਾਬ ਵਿਧਾਨ ਸਭਾ ਸੈਸ਼ਨ ਸ਼ੁਰੂ ਹੁੰਦੇ ਹੀ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਚੰਡੀਗੜ੍ਹ ‘ਚ ਪ੍ਰਦਰਸ਼ਨ ਕੀਤਾ ਸ਼ੁਰੂ

0

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਸੈਸ਼ਨ ਸ਼ੁਰੂ ਹੁੰਦੇ ਹੀ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਵਿੱਚ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਸਿਆਸੀ ਪਾਰਟੀਆਂ ਵਾਂਗ ਕਿਸਾਨ ਜਥੇਬੰਦੀਆਂ ਵੀ ਵੱਖ-ਵੱਖ ਥਾਵਾਂ ‘ਤੇ ਰੋਸ ਪ੍ਰਦਰਸ਼ਨ ਕਰਦੀਆਂ ਨਜ਼ਰ ਆਈਆਂ। ਸੰਯੁਕਤ ਕਿਸਾਨ ਮੋਰਚਾ ਦੀ ਤਰਫੋਂ ਅੱਜ ਸੈਕਟਰ-34 ਸਥਿਤ ਗੁਰਦੁਆਰਾ ਸਾਹਿਬ ਦੇ ਸਾਹਮਣੇ ਮਹਾਂਪੰਚਾਇਤ ਰੱਖੀ ਗਈ ਅਤੇ ਉੱਥੇ ਹੀ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਬੈਨਰ ਹੇਠ ਮੇਲਾ ਮੈਦਾਨ ਵਿੱਚ ਰੋਸ ਮਾਰਚ ਕੱਢਿਆ।

ਬੀਤੇ ਦਿਨ ਚੰਡੀਗੜ੍ਹ ਪੁਲਿਸ ਦੀ ਮੌਜੂਦਗੀ ਵਿੱਚ ਭਾਰਤੀ ਕਿਸਾਨ ਯੂਨੀਅਨ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਇੱਕ ਹਜ਼ਾਰ ਮੈਂਬਰ ਮੰਗ ਪੱਤਰ ਸੌਂਪਣ ਲਈ ਮੇਲਾ ਮੈਦਾਨ ਤੋਂ ਮਟਕਾ ਚੌਕ ਪੁੱਜੇ। ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਮੰਗ ਪੱਤਰ ਲਿਆ। ਉਨ੍ਹਾਂ ਕਿਸਾਨਾਂ-ਮਜ਼ਦੂਰਾਂ ਦੇ ਸੰਘਰਸ਼ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਉਹ ਯੂਨੀਅਨਾਂ ਦੇ ਵਕੀਲ ਵਜੋਂ ਮੁੱਖ ਮੰਤਰੀ ਨੂੰ ਮੰਗ ਪੱਤਰ ਸੌਂਪਣਗੇ। ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਜਿੰਨਾ ਚਿਰ ਇਜਲਾਸ ਚੱਲਦਾ ਰਹੇਗਾ ਮਾਰਚ ਜਾਰੀ ਰਹੇਗਾ।  5 ਸਤੰਬਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਧਰਨੇ ਤੋਂ ਬਾਅਦ ਪੁਲਿਸ ਨੇ ਕਿਸਾਨਾਂ ਨੂੰ ਬੱਸਾਂ ਵਿੱਚ ਬਿਠਾ ਕੇ ਸੈਕਟਰ-34 ਸਥਿਤ ਮੇਲਾ ਮੈਦਾਨ ਵਿੱਚ ਭੇਜ ਦਿੱਤਾ। ਇਸ ਦੇ ਨਾਲ ਹੀ ਸੰਯੁਕਤ ਕਿਸਾਨ ਮੋਰਚਾ ਵੱਲੋਂ ਸੈਕਟਰ-34 ਗੁਰਦੁਆਰੇ ਦੇ ਸਾਹਮਣੇ ਪਾਰਕਿੰਗ ਵਿੱਚ 500 ਮੀਟਰ ਦੀ ਦੂਰੀ ’ਤੇ ਇੱਕ ਮਹਾਂਪੰਚਾਇਤ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ 10 ਹਜ਼ਾਰ ਦੇ ਕਰੀਬ ਕਿਸਾਨ ਪੁੱਜੇ। ਜ਼ਿਆਦਾਤਰ ਕਿਸਾਨ ਬੱਸਾਂ ਅਤੇ ਕਾਰਾਂ ਰਾਹੀਂ ਆਏ ਸਨ।

ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਇੱਕ ਹਜ਼ਾਰ ਕਿਸਾਨ ਬੀਤੀ ਸ਼ਾਮ 4 ਵਜੇ ਮਟਕਾ ਚੌਕ ਤੋਂ ਮੰਗ ਪੱਤਰ ਸੌਂਪਣ ਲਈ ਰਵਾਨਾ ਹੋਏ। ਇਸ ਦੌਰਾਨ ਸੜਕਾਂ ’ਤੇ ਜਾਮ ਲੱਗ ਗਿਆ। ਬੀਤੀ ਸ਼ਾਮ ਨੂੰ ਦਫ਼ਤਰ ਤੋਂ ਘਰ ਜਾ ਰਹੇ ਲੋਕ ਕਰੀਬ ਅੱਧਾ ਘੰਟਾ ਟਰੈਫਿਕ ਜਾਮ ਵਿੱਚ ਫਸੇ ਰਹੇ। ਪੀ.ਜੀ.ਆਈ, ਸੈਕਟਰ-16 ਜਨਰਲ ਹਸਪਤਾਲ ਨੂੰ ਜਾਣ ਵਾਲੀ ਐਂਬੂਲੈਂਸ ਵੀ ਜਾਮ ਵਿੱਚ ਫਸ ਗਈ।

Exit mobile version