ਕੋਲਹਾਪੁਰ: ਰਾਸ਼ਟਰਪਤੀ ਦ੍ਰੋਪਦੀ ਮੁਰਮੂ (President Draupadi Murmu) ਅੱਜ ਯਾਨੀ ਸੋਮਵਾਰ ਤੋਂ ਮਹਾਰਾਸ਼ਟਰ ਦਾ ਤਿੰਨ ਦਿਨਾਂ ਦੌਰਾ ਕਰਨਗੇ ਅਤੇ ਇਸ ਦੌਰਾਨ ਉਹ ਕਈ ਪ੍ਰੋਗਰਾਮਾਂ ‘ਚ ਹਿੱਸਾ ਲੈਣਗੇ। ਰਾਸ਼ਟਰਪਤੀ ਭਵਨ ਨੇ ਅੱਜ ਕਿਹਾ ਕਿ ਮੁਰਮੂ ਕੋਲਹਾਪੁਰ ਦੇ ਵਾਰਨਾਨਗਰ ਵਿੱਚ ਸ਼੍ਰੀ ਵਾਰਨਾ ਮਹਿਲਾ ਸਹਿਕਾਰੀ ਸਮੂਹ ਦੇ ਗੋਲਡਨ ਜੁਬਲੀ ਸਮਾਰੋਹ ਵਿੱਚ ਹਿੱਸਾ ਲੈਣਗੇ।
ਰਾਸ਼ਟਰਪਤੀ ਭਵਨ ਦੇ ਇਕ ਬਿਆਨ ਮੁਤਾਬਕ ਰਾਸ਼ਟਰਪਤੀ ਭਲਕੇ ਯਾਨੀ 3 ਸਤੰਬਰ ਨੂੰ ਪੁਣੇ ‘ਚ ਸਿਮਬਾਇਓਸਿਸ ਇੰਟਰਨੈਸ਼ਨਲ (ਡੀਮਡ ਯੂਨੀਵਰਸਿਟੀ) ਦੀ 21ਵੀਂ ਕਨਵੋਕੇਸ਼ਨ ਨੂੰ ਸੰਬੋਧਨ ਕਰਨਗੇ। ਉਸੇ ਦਿਨ ਉਹ ਮੁੰਬਈ ਵਿੱਚ ਮਹਾਰਾਸ਼ਟਰ ਵਿਧਾਨ ਪ੍ਰੀਸ਼ਦ ਦੇ ਸ਼ਤਾਬਦੀ ਸਮਾਰੋਹ ਵਿੱਚ ਸ਼ਾਮਲ ਹੋਣਗੇ।
ਰਾਸ਼ਟਰਪਤੀ ਭਵਨ ਨੇ ਕਿਹਾ ਕਿ ਮੁਰਮੂ 4 ਸਤੰਬਰ ਨੂੰ ਲਾਤੂਰ ਦੇ ਉਦਗੀਰ ਵਿੱਚ ਬੁੱਧ ਵਿਹਾਰ ਦਾ ਉਦਘਾਟਨ ਕਰਨਗੇ। ਉਹ ਉਦਗੀਰ ਵਿੱਚ ਮਹਾਰਾਸ਼ਟਰ ਸਰਕਾਰ ਦੀ ‘ਸ਼ਾਸਨ ਅਪਲਿਆ ਦਰੀ’ ਅਤੇ ‘ਮੁੱਖ ਮੰਤਰੀ ਮਾਝੀ ਲਾਡਕੀ ਬਹਿਨ ਯੋਜਨਾ’ ਦੇ ਲਾਭਪਾਤਰੀਆਂ ਦੇ ਇੱਕ ਇਕੱਠ ਨੂੰ ਵੀ ਸੰਬੋਧਨ ਕਰਨਗੇ।