ਚੰਡੀਗੜ੍ਹ : ਸ਼ੰਭੂ ਅਤੇ ਖਨੌਰੀ ਬਾਰਡਰ (Shambhu and Khanuri border) ‘ਤੇ ਧਰਨੇ ਦੇ 200 ਦਿਨ ਪੂਰੇ ਹੋਣ ਤੋਂ ਬਾਅਦ ਹੁਣ ਕਿਸਾਨਾਂ ਨੇ ਚੰਡੀਗੜ੍ਹ ‘ਚ ਪੱਕਾ ਮੋਰਚਾ ਲਗਾ ਕੇ ਧਰਨਾ ਸ਼ੁਰੂ ਕਰ ਦਿੱਤਾ ਹੈ। ਕਿਸਾਨਾਂ ਨੂੰ ਪ੍ਰਸ਼ਾਸਨ ਤੋਂ ਚਾਰ ਦਿਨਾਂ ਦੀ ਮਨਜ਼ੂਰੀ ਮਿਲ ਗਈ ਹੈ ਪਰ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਉਹ ਟਰੈਕਟਰ-ਟਰਾਲੀਆਂ ਵਿੱਚ ਤਿੰਨ ਮਹੀਨਿਆਂ ਦਾ ਰਾਸ਼ਨ ਲੈ ਕੇ ਸੈਕਟਰ-34 ਦੇ ਮੇਲਾ ਮੈਦਾਨ ਵਿੱਚ ਪੁੱਜੇ ਹਨ।
ਬੀਤੇ ਦਿਨ ਕਿਸਾਨਾਂ ਅਤੇ ਯੂਟੀ ਅਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੀ ਮੀਟਿੰਗ ਹੋਈ। ਮੀਟਿੰਗ ਵਿੱਚ ਪੁਲਿਸ ਨੇ ਕਿਸਾਨਾਂ ਨੂੰ ਵਿਧਾਨ ਸਭਾ ਮਾਰਚ ਰੱਦ ਕਰਨ ਦੀ ਅਪੀਲ ਕੀਤੀ ਪਰ ਉਹ ਇਸ ’ਤੇ ਸਹਿਮਤ ਨਹੀਂ ਹੋਏ। ਇਹੀ ਕਾਰਨ ਹੈ ਕਿ ਮੀਟਿੰਗ ਬਿਨਾਂ ਕਿਸੇ ਨਤੀਜੇ ਦੇ ਖ਼ਤਮ ਹੋ ਗਈ। ਯੂਨੀਅਨ ਨੇ ਕਿਹਾ ਕਿ ਚੰਡੀਗੜ੍ਹ ਉਨ੍ਹਾਂ ਦੀ ਰਾਜਧਾਨੀ ਹੈ ਅਤੇ ਵਿਧਾਨ ਸਭਾ ਵੱਲ ਮਾਰਚ ਕਰਨਾ ਉਨ੍ਹਾਂ ਦਾ ਅਧਿਕਾਰ ਹੈ। ਕਿਸਾਨ ਯੂਨੀਅਨ ਨਾਲ ਮੀਟਿੰਗ ਵਿੱਚ ਜਨਰਲ ਸਕੱਤਰ ਲਕਸ਼ਮਣ ਸਿੰਘ, ਝੰਡਾ ਸਿੰਘ, ਸਿੰਗਾਰਾ ਸਿੰਘ ਮਾਨ ਅਤੇ ਚੰਡੀਗੜ੍ਹ ਦੇ ਆਈ.ਜੀ, ਐਸ.ਐਸ.ਪੀ ਅਤੇ ਪੰਜਾਬ ਦੇ ਅਧਿਕਾਰੀ ਵੀ ਹਾਜ਼ਰ ਸਨ।
ਇਹ ਹਨ ਕਿਸਾਨਾਂ ਦੀਆਂ ਮੰਗਾਂ
- ਸਾਰੀਆਂ ਫਸਲਾਂ ਘੱਟੋ-ਘੱਟ ਸਮਰਥਨ ਮੁੱਲ ‘ਤੇ ਖਰੀਦੀਆਂ ਜਾਣ।
- ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣ ਅਤੇ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ।
- ਦਿੱਲੀ ਅੰਦੋਲਨ ਦੀਆਂ ਬਾਕੀ ਮੰਗਾਂ ਨੂੰ ਲਾਗੂ ਕੀਤਾ ਜਾਵੇ।
- ਭਾਰਤ ਮਾਲਾ ਪ੍ਰੋਜੈਕਟ ਤਹਿਤ ਸੜਕਾਂ ਦੇ ਨਿਰਮਾਣ ਦੌਰਾਨ ਪਾਣੀ ਦੇ ਚੁਰਾਹੇ ਨੇੜੇ ਖੰਭਿਆਂ ‘ਤੇ ਸੜਕਾਂ ਬਣਾਈਆਂ ਜਾਣ।