ਪੁਰਤਗਾਲ : ਉੱਤਰੀ ਪੁਰਤਗਾਲ (Northern Portugal) ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ। ਜਿੱਥੇ, ਉੱਤਰੀ ਪੁਰਤਗਾਲ ਦੇ ਸਮੋਦੇਸ ਖੇਤਰ ਵਿੱਚ ਡੋਰੋ ਨਦੀ ਦੇ ਕੋਲ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਚਾਰ ਸੈਨਿਕਾਂ ਦੀ ਮੌਤ ਹੋ ਗਈ, ਜਦੋਂ ਕਿ ਇੱਕ ਅਜੇ ਵੀ ਲਾਪਤਾ ਹੈ। ਹੈਲੀਕਾਪਟਰ ਉੱਤਰੀ ਪੁਰਤਗਾਲ ‘ਚ ਬੀਤੇ ਦਿਨ ਅੱਗ ਬੁਝਾਊ ਮੁਹਿੰਮ ਤੋਂ ਵਾਪਸ ਪਰਤਦੇ ਸਮੇਂ ਹਾਦਸਾਗ੍ਰਸਤ ਹੋ ਗਿਆ। ਜਿਸ ਵਿੱਚ ਇੱਕ ਪਾਇਲਟ ਸਮੇਤ ਛੇ ਲੋਕ ਅਤੇ ਪੰਜ ਸੈਨਿਕਾਂ ਦੀ ਟੀਮ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਹੈਲੀਕਾਪਟਰ ਸਿੱਧਾ ਡੋਰੋ ਨਦੀ ਵਿੱਚ ਡਿੱਗ ਗਿਆ। ਦੱਸਿਆ ਜਾ ਰਿਹਾ ਹੈ ਕਿ ਹੈਲੀਕਾਪਟਰ ਦੇ ਪਾਇਲਟ ਨੇ ਨਦੀ ‘ਚ ਕਿਸ਼ਤੀ ਦੀ ਮਦਦ ਨਾਲ ਆਪਣੀ ਜਾਨ ਬਚਾਈ। ਫਿਲਹਾਲ ਉਹ ਹਸਪਤਾਲ ‘ਚ ਜ਼ੇਰੇ ਇਲਾਜ ਹੈ। ਉਸ ਦੀ ਜਾਨ ਨੂੰ ਕੋਈ ਖਤਰਾ ਨਹੀਂ ਹੈ। ਬਾਕੀ ਲਾਪਤਾ ਸੈਨਿਕਾਂ ਦੀ ਭਾਲ ਅਤੇ ਬਚਾਅ ਕਾਰਜ ਜਾਰੀ ਹਨ। ਪੁਰਤਗਾਲ ਦੇ ਪ੍ਰਧਾਨ ਮੰਤਰੀ ਲੁਈਸ ਮੋਂਟੇਨੇਗਰੋ ਨੇ ਇਸ ਦੁਖਾਂਤ ਤੋਂ ਬਾਅਦ ਰਾਸ਼ਟਰ ਨੂੰ ਸੰਬੋਧਨ ਕੀਤਾ ਅਤੇ ਜਾਨੀ ਨੁਕਸਾਨ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ।
ਉਨ੍ਹਾਂ ਕਿਹਾ, ਪੁਰਤਗਾਲ ਲਈ ਇਹ ਬਹੁਤ ਦੁਖਦਾਈ ਦਿਨ ਹੈ। ਸਾਡੀਆਂ ਪ੍ਰਾਰਥਨਾਵਾਂ ਪੀੜਤ ਪਰਿਵਾਰਾਂ ਦੇ ਨਾਲ ਹਨ। ਅਸੀਂ ਇਸ ਦੁਖਦਾਈ ਨੁਕਸਾਨ ਲਈ ਨੈਸ਼ਨਲ ਰਿਪਬਲਿਕਨ ਗਾਰਡ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦੇ ਹਾਂ। ਉਨ੍ਹਾਂ ਨੇ ਇਹ ਵੀ ਘੋਸ਼ਣਾ ਕੀਤੀ ਕਿ ਸਰਕਾਰ ਨੇ ਰਾਸ਼ਟਰਪਤੀ ਮਾਰਸੇਲੋ ਰੇਬੇਲੋ ਡੀ ਸੂਸਾ ਨਾਲ ਸਹਿਮਤੀ ਨਾਲ ਅੱਜ ਰਾਸ਼ਟਰੀ ਸੋਗ ਦਾ ਦਿਨ ਘੋਸ਼ਿਤ ਕੀਤਾ ਸੀ। ਪੁਰਤਗਾਲ ਦੇ ਰਾਸ਼ਟਰਪਤੀ ਵੀ ਮੌਕੇ ‘ਤੇ ਪਹੁੰਚ ਗਏ, ਅਗਲੀਆਂ ਯੋਜਨਾਵਾਂ ਨੂੰ ਰੱਦ ਕਰ ਦਿੱਤਾ ਅਤੇ ਇੱਥੇ ਚੱਲ ਰਹੇ ਬਚਾਅ ਕਾਰਜ ਦਾ ਜਾਇਜ਼ਾ ਲਿਆ।