ਔਸ਼ਵਾ : ਡਰਹਮ ਰੀਜਨ ਪੁਲਿਸ (Durham Region Police) ਨੇ ਉਨਟਾਰੀਓ ਵਿਚ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਵੱਡੇ ਗਿਰੋਹ ਦਾ ਪਰਦਾ ਫਾਸ਼ ਕੀਤਾ ਹੈ। ਪੁਲਿਸ ਵੱਲੋਂ 32 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਡਰਹਮ ਰੀਜਨਲ ਪੁਲਿਸ ਦੇ ਮੁਖੀ ਪੀਟਰ ਮੌਰੇਰਾ ਨੇ ਦੱਸਿਆ ਕਿ ‘ਪ੍ਰੌਜੈਕਟ ਬਰਟਨ’ ਅਧੀਨ ਕੀਤੀ ਕਾਰਵਾਈ ਦਾ ਘੇਰਾ ਬ੍ਰਿਟਿਸ਼ ਕੋਲੰਬੀਆ ਤੱਕ ਫੈਲਿਆ ਹੋਇਆ ਸੀ। ਪੀਟਰ ਮੌਰੇਰਾ ਮੁਤਾਬਕ ਡਰਹਮ ਰੀਜਨ ਵਿਚ ਅਪਰਾਧਕ ਸਰਗਰਮੀਆਂ ਨੂੰ ਵੇਖਦਿਆਂ ਜਨਵਰੀ ਵਿਚ ਪੜਤਾਲ ਆਰੰਭੀ ਗਈ ਜਿਸ ਦੀਆਂ ਤਾਰਾਂ ਕੈਨੇਡਾ ਦੇ ਪੱਛਮੀ ਕੰਢੇ ਤੱਕ ਜੁੜਦੀਆਂ ਮਹਿਸੂਸ ਹੋਈਆਂ। ਉਨ੍ਹਾਂ ਅੱਗੇ ਕਿਹਾ ਕਿ 32 ਸ਼ੱਕੀਆਂ ਵਿਰੁੱਧ 184 ਦੋਸ਼ ਆਇਦ ਕੀਤੇ ਗਏ ਹਨ ਅਤੇ ਅਮਰੀਕਾ ਤੋਂ ਲਿਆਂਦੀਆਂ ਅੱਠ ਪਸਤੌਲਾਂ ਸਣੇ 16 ਹਥਿਆਰ ਜ਼ਬਤ ਕੀਤੇ ਗਏ।
ਡਰਹਮ ਰੀਜਨਲ ਪੁਲਿਸ ਦੀ ਕਾਰਵਾਈ ਦੌਰਾਨ ਬੀ.ਸੀ. ਤੱਕ ਜੁੜੀਆਂ ਤਾਰਾਂ ਪੁਲਿਸ ਦੋ ਹੋਰ ਸ਼ੱਕੀਆਂ ਦੀ ਭਾਲ ਕਰ ਰਹੀ ਹੈ ਜਿਨ੍ਹਾਂ ਦੀਆਂ ਤਸਵੀਰਾਂ ਜਨਤਕ ਕਰ ਦਿਤੀਆਂ ਗਈਆਂ। ਗ੍ਰਿਫ਼ਤਾਰ ਕੀਤੇ 32 ਜਣਿਆਂ ਵਿਚੋਂ 13 ਨੂੰ ਜ਼ਮਾਨਤ ਮਿਲ ਗਈ ਪਰ ਤਿੰਨ ਜਣਿਆਂ ਵੱਲੋਂ ਜ਼ਮਾਨਤ ਸ਼ਰਤਾਂ ਦੀ ਉਲੰਘਣਾ ਕੀਤੇ ਜਾਣ ਕਰ ਕੇ ਪੁਲਿਸ ਇਨ੍ਹਾਂ ਦੀ ਭਾਲ ਵਿਚ ਜੁਟ ਗਈ। ਅਸਲੀਅਤ ਇਹ ਹੈ ਕਿ ਵੱਡੀ ਗਿਣਤੀ ਵਿਚ ਲੋਕਾਂ ਦੇ ਇਸ ਧੰਦੇ ਵਿਚ ਸ਼ਾਮਲ ਹੋਣ ਕਾਰਨ ਨਵੇਂ ਸਿਰੇ ਤੋਂ ਪੜਤਾਲ ਮੁੜ ਆਰੰਭੀ ਜਾ ਰਹੀ ਹੈ। ਡਰਹਮ ਰੀਜਨਲ ਪੁਲਿਸ ਬਿਨਾਂ ਥੱਕੇ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਅਤੇ ਬੰਦੂਕ ਹਿੰਸਾ ਨਾਲ ਨਜਿੱਠਣ ਲਈ ਯਤਨਸ਼ੀਲ ਹੈ। ਪੁਲਿਸ ਨੇ ਇਹ ਵੀ ਦੱਸਿਆ ਕਿ ਗਿਰੋਹ ਦੇ ਮੈਂਬਰ ਖੁਦ ਨੂੰ ‘2230’ ਕਹਿੰਦੇ ਸਨ ਅਤੇ ਆਨਲਾਈਨ ਮੌਜੂਦਗੀ ਰਾਹੀਂ ਕਥਿਤ ਅਪਰਾਧਾਂ ਵਾਸਤੇ ਇਨਾਮ ਵੀ ਦਿਤੇ ਜਾਂਦੇ ਸਨ।