ਭਵਾਨੀਗੜ੍ਹ : ਚੋਰਾਂ ਨੇ ਇਲਾਕੇ ਵਿੱਚ ਦਹਿਸ਼ਤ ਫੈਲਾਈ ਹੋਈ ਹੈ ਅਤੇ ਬਿਨਾਂ ਕਿਸੇ ਡਰ ਤੋਂ ਦਿਨ-ਰਾਤ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਇਸ ਦੇ ਨਾਲ ਹੀ ਪੁਲਿਸ ਪ੍ਰਸ਼ਾਸਨ ਚੋਰਾਂ ਤੱਕ ਪਹੁੰਚਣ ‘ਚ ਨਾਕਾਮ ਸਾਬਤ ਹੋ ਰਿਹਾ ਹੈ, ਜਿਸ ਕਾਰਨ ਚੋਰਾਂ ਦਾ ਮਨੋਬਲ ਬੁਲੰਦ ਹੁੰਦਾ ਨਜ਼ਰ ਆ ਰਿਹਾ ਹੈ। ਬੀਤੀ ਰਾਤ ਵੀ ਅਣਪਛਾਤੇ ਚੋਰਾਂ ਨੇ ਨਾਭਾ ਕੈਂਚੀਆਂ ਵਿੱਚ ਸਥਿਤ ਫਲਿੱਪਕਾਰਟ ਕੰਪਨੀ ਦੇ ਦਫ਼ਤਰ ਵਿੱਚ ਦਾਖਲ ਹੋ ਕੇ ਉਥੋਂ ਕਰੀਬ ਡੇਢ ਲੱਖ ਰੁਪਏ ਦੀ ਨਕਦੀ ਅਤੇ ਹੋਰ ਸਾਮਾਨ ਚੋਰੀ ਕਰ ਲਿਆ। ਚੋਰੀ ਦੀ ਘਟਨਾ ਸਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ।
ਇਸ ਸਬੰਧੀ ਪਾਤੜਾ ਵਾਸੀ ਕਿਰਨਪਾਲ ਸਿੰਘ ਨੇ ਸਥਾਨਕ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਪਿਛਲੇ 4 ਸਾਲਾਂ ਤੋਂ ਫਲਿੱਪਕਾਰਟ ਭਵਾਨੀਗੜ੍ਹ ਦੇ ਦਫ਼ਤਰ ਵਿੱਚ ਬਤੌਰ ਮੈਨੇਜਰ ਕੰਮ ਕਰ ਰਿਹਾ ਹੈ ਅਤੇ ਕੰਪਨੀ ਦਾ ਲੈਣ-ਦੇਣ ਵੀ ਉਹ ਖ਼ੁਦ ਕਰਦਾ ਹੈ। ਕਿਰਨਪਾਲ ਸਿੰਘ ਨੇ ਦੱਸਿਆ ਕਿ 25 ਅਗਸਤ ਨੂੰ ਰੋਜ਼ਾਨਾ ਦੀ ਤਰ੍ਹਾਂ ਉਹ ਸ਼ਾਮ 7 ਵਜੇ ਦੇ ਕਰੀਬ ਦਫ਼ਤਰ ਬੰਦ ਕਰਕੇ ਚਲੇ ਗਏ ਸਨ।
ਅਗਲੀ ਸਵੇਰ ਜਦੋਂ ਉਨ੍ਹਾਂ ਦਾ ਡਿਲੀਵਰੀ ਬੁਆਏ ਜੁਝਾਰ ਸਿੰਘ ਕੰਮ ’ਤੇ ਆਇਆ ਤਾਂ ਉਸ ਨੇ ਦੇਖਿਆ ਕਿ ਦਫ਼ਤਰ ਦੇ ਤਾਲੇ ਟੁੱਟੇ ਹੋਏ ਸਨ ਅਤੇ ਦਫ਼ਤਰ ਅੰਦਰ ਸਾਮਾਨ ਖਿਲਰਿਆ ਪਿਆ ਸੀ। ਇਸ ਘਟਨਾ ਸਬੰਧੀ ਜੁਝਾਰ ਸਿੰਘ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਅਤੇ ਜਦੋਂ ਉਹ ਪਾਤੜਾਂ ਤੋਂ ਭਵਾਨੀਗੜ੍ਹ ਪੁੱਜੇ ਤਾਂ ਉਨ੍ਹਾਂ ਨੇ ਮੌਕੇ ‘ਤੇ ਦੇਖਿਆ ਕਿ ਦਫ਼ਤਰ ਦੀ ਗੋਲਕ ਟੁੱਟੀ ਹੋਈ ਸੀ ਅਤੇ ਗੋਲਕ ‘ਚ ਰੱਖੇ 1 ਲੱਖ 43 ਹਜ਼ਾਰ 837 ਰੁਪਏ ਗਾਇਬ ਸਨ। ਕਿਰਨਪਾਲ ਸਿੰਘ ਨੇ ਦੱਸਿਆ ਕਿ ਅਣਪਛਾਤੇ ਚੋਰਾਂ ਨੇ ਦਫ਼ਤਰ ਦੇ ਤਾਲੇ ਤੋੜ ਕੇ ਸੇਫ਼ ਵਿੱਚ ਰੱਖੇ ਪੈਸੇ ਅਤੇ ਦਫ਼ਤਰ ਵਿੱਚ ਲੱਗੇ ਕੈਮਰੇ ਅਤੇ ਡੀ.ਵੀ.ਆਰ ਚੋਰੀ ਕਰ ਲਏ। ਕਿਰਨ ਪਾਲ ਨੇ ਦੱਸਿਆ ਕਿ ਚੋਰੀ ਸਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ ਅਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਦੂਜੇ ਪਾਸੇ ਭਵਾਨੀਗੜ੍ਹ ਥਾਣਾ ਮੁਖੀ ਗੁਰਨਾਮ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।