ਖੰਨਾ : ਖੰਨਾ ਪੁਲਿਸ (Khanna Police) ਨੇ ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ, ਜਿਸ ਵਿੱਚ ਪੰਜਾਬ ਪੁਲਿਸ ਨੇ ਦੋ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕੀਤੀ ਹੈ। ਇਸ ਮੌਕੇ ਐਸ.ਐਸ.ਪੀ ਖੰਨਾ ਅਮਨੀਤ ਕੌਂਡਲ ਨੇ ਜਾਇਦਾਦ ਜ਼ਬਤ ਕਰਨ ਦੀ ਕਾਰਵਾਈ ਕੀਤੀ। ਐਸ.ਐਸ.ਪੀ ਖੰਨਾ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਰੋਜ਼ ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ ਕਰ ਰਹੀ ਹੈ। ਇਸ ਸਬੰਧ ਵਿੱਚ ਅੱਜ ਸਮਰਾਲਾ ਵਿੱਚ ਦੋ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਪੁਲਿਸ ਅਨੁਸਾਰ ਇਹ ਜਾਇਦਾਦ ਨਸ਼ਾ ਤਸਕਰਾਂ ਨੇ ਡਰੱਗ ਮਨੀ ਨਾਲ ਬਣਾਈ ਸੀ, ਇਸ ਲਈ ਇਹ ਗੈਰ-ਕਾਨੂੰਨੀ ਹੈ।
ਐੱਸ.ਐੱਸ.ਪੀ ਖੰਨਾ ਨੇ ਦੱਸਿਆ ਕਿ ਸਮਰਾਲਾ ਦੇ ਐੱਸ.ਐੱਚ.ਓ ਨੇ ਰਿਪੋਰਟ ਦਿੱਤੀ ਸੀ, ਜਿਸ ਵਿੱਚ ਡਰੱਗ ਮਨੀ ਤੋਂ ਬਣੀ ਦੋ ਨਸ਼ਾ ਤਸਕਰਾਂ ਦੀ ਜਾਇਦਾਦ ਦਾ ਜ਼ਿਕਰ ਕੀਤਾ ਗਿਆ ਸੀ। ਰਿਪੋਰਟ ਨੂੰ ਅੱਗੇ ਦਿੱਲੀ ਭੇਜ ਦਿੱਤਾ ਗਿਆ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਜਾਇਦਾਦ ਜ਼ਬਤ ਕਰਨ ਦੇ ਆਦੇਸ਼ ਮਿਲੇ। ਜਿਨ੍ਹਾਂ ਤਸਕਰਾਂ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ, ਉਨ੍ਹਾਂ ਦੇ ਨਾਂ ਸੁਖਵਿੰਦਰ ਸਿੰਘ ਸੁੱਖੀ ਵਾਸੀ ਗੁਰੂ ਨਾਨਕ ਰੋਡ ਸਮਰਾਲਾ ਅਤੇ ਸੋਹਣ ਸਿੰਘ ਵਾਸੀ ਪਿੰਡ ਮਾਣਕੀ ਹਨ।
ਪੰਜਾਬ ਪੁਲਿਸ ਵੱਲੋਂ ਚਲਾਈ ਜਾ ਰਹੀ ਵਿਸ਼ੇਸ਼ ਨਸ਼ਾ ਵਿਰੋਧੀ ਮੁਹਿੰਮ ਦੇ ਪੰਜਵੇਂ ਦਿਨ ਅੱਜ ਇੱਕ ਵੱਡੇ ਨਸ਼ਾ ਤਸਕਰ ਦੇ ਠਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ, ਜੋ ਇਸ ਸਮੇਂ ਜ਼ਮਾਨਤ ‘ਤੇ ਰਿਹਾਅ ਹੈ। ਵੱਡੇ ਨਸ਼ਾ ਤਸਕਰਾਂ ਵਿੱਚ ਉਹ ਵੀ ਸ਼ਾਮਲ ਹਨ ਜਿਨ੍ਹਾਂ ਕੋਲ 2 ਕਿਲੋ ਜਾਂ ਇਸ ਤੋਂ ਵੱਧ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ।