ਗੜ੍ਹਸ਼ੰਕਰ : ਮਾਹਿਲਪੁਰ-ਜੇਜੋ ਰੋਡ ‘ਤੇ ਪਿੰਡ ਚੱਕ ਨਾਰੀਅਲ ਨੇੜੇ ਟਿੱਪਰ ਦੀ ਟੱਕਰ ਵਿਚ ਮੋਟਰਸਾਈਕਲ ਸਵਾਰ 19 ਸਾਲਾ ਨੌਜਵਾਨ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਮਾਹਿਲਪੁਰ ਦੇ ਐਸ.ਐਚ.ਓ. ਅਤੇ ਏ.ਐਸ.ਆਈ. ਦਲਜੀਤ ਕੁਮਾਰ ਨੇ ਮੌਕੇ ‘ਤੇ ਪਹੁੰਚ ਕੇ ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਲਾਸ਼ ਨੂੰ ਮਾਹਿਲਪੁਰ ਦੇ ਸਿਵਲ ਹਸਪਤਾਲ ਵਿੱਚ ਰਖਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਵੰਸ਼ ਪੁੱਤਰ ਦੀਪਕ ਕੁਮਾਰ ਵਾਸੀ ਪਿੰਡ ਲਸਾੜਾ ਹਾਲ ਵਾਸੀ ਹੁਸ਼ਿਆਰਪੁਰ ਮੋਟਰਸਾਈਕਲ ਪੀ.ਬੀ. 07 ਏ.ਵਾਈ 0907 ਕਿਸੇ ਕੰਮ ਲਈ ਪਿੰਡ ਆਇਆ ਸੀ ਅਤੇ ਜਦੋਂ ਉਹ ਵਾਪਸ ਹੁਸ਼ਿਆਰਪੁਰ ਵੱਲ ਜਾ ਰਿਹਾ ਸੀ ਤਾਂ ਸ਼ਾਮ ਸਾਢੇ ਛੇ ਵਜੇ ਜਦੋਂ ਉਹ ਚੱਕ ਨਾਰੀਅਲ ਵਾਲੀ ਰੋਡ ‘ਤੇ ਪਹੁੰਚਿਆ ਤਾਂ ਮਾਹਿਲਪੁਰ ਸਾਈਡ ਤੋਂ ਆ ਰਹੇ ਇੱਕ ਟਿੱਪਰ PB 07 CN 7800 ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਆਪਣੀ ਮਾਂ ਦਾ ਇੱਕੋ ਇੱਕ ਸਹਾਰਾ ਸੀ। ਲੋਕਾਂ ਨੇ ਦੱਸਿਆ ਕਿ ਉਸ ਦੇ ਪਿਤਾ ਦਾ ਵੀ ਦੇਹਾਂਤ ਹੋ ਗਿਆ ਸੀ।
