Home ਸੰਸਾਰ ਅਮਰੀਕਾ ‘ਚ 1,389 ਭਾਰਤੀ ਨਾਬਾਲਗ ਹਿਰਾਸਤ ‘ਚ, ਕਿਸੇ ਨੂੰ ਵੀ ਨਹੀਂ ਕੀਤਾ...

ਅਮਰੀਕਾ ‘ਚ 1,389 ਭਾਰਤੀ ਨਾਬਾਲਗ ਹਿਰਾਸਤ ‘ਚ, ਕਿਸੇ ਨੂੰ ਵੀ ਨਹੀਂ ਕੀਤਾ ਡਿਪੋਰਟ

0

ਨਵੀਂ ਦਿੱਲੀ: ਅਮਰੀਕਾ ਵਿੱਚ ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਵਿੱਢੀ ਗਈ ਸਖ਼ਤ ਇਮੀਗ੍ਰੇਸ਼ਨ ਕਾਰਵਾਈ ਦਾ ਸਿੱਧਾ ਅਸਰ ਹੁਣ ਭਾਰਤੀ ਨਾਬਾਲਗਾਂ ‘ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਅਮਰੀਕੀ ਕਸਟਮ ਅਤੇ ਸਰਹੱਦੀ ਸੁਰੱਖਿਆ ਵਿਭਾਗ (ਯੂ.ਐੱਸ.ਸੀ.ਬੀ.ਪੀ.) ਦੇ ਤਾਜ਼ਾ ਅੰਕੜਿਆਂ ਅਨੁਸਾਰ ਵਿੱਤੀ ਸਾਲ 2023 ਤੋਂ ਹੁਣ ਤੱਕ ਬਿਨਾਂ ਮਾਪਿਆਂ ਜਾਂ ਕਿਸੇ ਕਾਨੂੰਨੀ ਸਰਪ੍ਰਸਤ ਦੇ ਅਮਰੀਕਾ ਪਹੁੰਚੇ 1,389 ਭਾਰਤੀ ਬੱਚਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪਰ ਹੈਰਾਨੀਜਨਕ ਗੱਲ ਇਹ ਹੈ ਕਿ ਇਨ੍ਹਾਂ ਵਿੱਚੋਂ ਹਾਲੇ ਤੱਕ ਇੱਕ ਵੀ ਬੱਚੇ ਨੂੰ ਭਾਰਤ ਵਾਪਸ ਡਿਪੋਰਟ ਨਹੀਂ ਕੀਤਾ ਗਿਆ।

ਸਰਹੱਦੀ ਨਿਗਰਾਨੀ ਸਖ਼ਤ ਹੋਣ ਕਾਰਨ ਇਕੱਲਿਆਂ ਅਮਰੀਕਾ ਦਾਖ਼ਲ ਹੋਣ ਵਾਲੇ ਭਾਰਤੀ ਬੱਚਿਆਂ ਦੀ ਗਿਣਤੀ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਅੰਕੜਿਆਂ ਮੁਤਾਬਕ ਵਿੱਤੀ ਸਾਲ 2023 ਵਿੱਚ 730 ਭਾਰਤੀ ਨਾਬਾਲਗ ਫੜੇ ਗਏ ਸਨ, ਜੋ 2024 ਵਿੱਚ ਘਟ ਕੇ 517, 2025 ਵਿੱਚ 91 ਅਤੇ 2026 ਵਿੱਚ ਸਿਰਫ਼ 51 ਰਹਿ ਗਏ। ਵਿੱਤੀ ਸਾਲ 2027 ਦੇ ਪਹਿਲੇ ਮਹੀਨੇ ਅਕਤੂਬਰ 2026 ਦੌਰਾਨ ਇਹ ਅੰਕੜਾ ਘਟ ਕੇ ਮਹਿਜ਼ 2 ਰਹਿ ਗਿਆ ਹੈ।

ਇਮੀਗ੍ਰੇਸ਼ਨ ਮਾਹਿਰਾਂ ਅਨੁਸਾਰ ਪਹਿਲਾਂ ਕੁਝ ਪਰਿਵਾਰ ਆਪਣੇ ਬੱਚਿਆਂ ਨੂੰ ਇਕੱਲਿਆਂ ਅਮਰੀਕਾ ਭੇਜਦੇ ਸਨ। ਇਨ੍ਹਾਂ ਬੱਚਿਆਂ ਨੂੰ ‘ਗ੍ਰੀਨ ਕਾਰਡ ਬੇਬੀਜ਼’ ਕਿਹਾ ਜਾਂਦਾ ਸੀ, ਕਿਉਂਕਿ ਕੁਝ ਪਰਿਵਾਰਾਂ ਦਾ ਮਕਸਦ ਬੱਚਿਆਂ ਰਾਹੀਂ ਅਮਰੀਕਾ ਵਿੱਚ ਕਾਨੂੰਨੀ ਰਿਹਾਇਸ਼ ਹਾਸਲ ਕਰਨਾ ਹੁੰਦਾ ਸੀ। ਪਰ ਹੁਣ ਤੇਜ਼ੀ ਨਾਲ ਦੇਸ਼ ਨਿਕਾਲੇ ਦੇ ਡਰ ਕਾਰਨ ਇਸ ਰੁਝਾਨ ‘ਤੇ ਲਗਾਮ ਲੱਗੀ ਹੈ।

ਇਹ ਗਿਰਾਵਟ ਹੋਰ ਦੇਸ਼ਾਂ ਦੇ ਬੱਚਿਆਂ ਦੀ ਗਿਣਤੀ ਵਿੱਚ ਵੀ ਦੇਖਣ ਨੂੰ ਮਿਲੀ ਹੈ। ਜਿੱਥੇ 2024 ਵਿੱਚ ਅਜਿਹੇ ਬੱਚਿਆਂ ਦੀ ਗਿਣਤੀ ਕਰੀਬ 1.1 ਲੱਖ ਸੀ, ਉੱਥੇ 2026 ਵਿੱਚ ਇਹ ਘਟ ਕੇ 9,190 ਅਤੇ ਅਕਤੂਬਰ 2026 ਵਿੱਚ ਮਹਿਜ਼ 722 ਰਹਿ ਗਈ।

ਦੂਜੇ ਪਾਸੇ, ਅਮਰੀਕਾ ਵਿੱਚ ਪਹਿਲਾਂ ਤੋਂ ਰਹਿ ਰਹੇ ਕਈ ਭਾਰਤੀ ਨੌਜਵਾਨ ਡਿਪੋਰਟ ਹੋਣ ਦੇ ਖ਼ਦਸ਼ੇ ਕਾਰਨ ਸ਼ਰਨ ਸਬੰਧੀ ਸੁਣਵਾਈਆਂ ਵਿੱਚ ਜਾਣ ਤੋਂ ਵੀ ਕਤਰਾ ਰਹੇ ਹਨ। ਹਾਲਾਂਕਿ, ਵਿੱਤੀ ਸਾਲ 2026 ਵਿੱਚ ਗੈਰ-ਕਾਨੂੰਨੀ ਦਾਖ਼ਲੇ ਦੇ 2,30,528 ਮਾਮਲਿਆਂ ਨਾਲ ਭਾਰਤ, ਮੈਕਸੀਕੋ ਅਤੇ ਕੈਨੇਡਾ ਤੋਂ ਬਾਅਦ ਤੀਜੇ ਸਥਾਨ ‘ਤੇ ਰਿਹਾ।

NO COMMENTS

LEAVE A REPLY

Please enter your comment!
Please enter your name here

Exit mobile version