Home ਪੰਜਾਬ ਪੰਜਾਬੀ ਯੂਨੀਵਰਸਿਟੀ ਵਿਖੇ ਮਨਾਇਆ ਗਿਆ ’11ਵਾਂ ਕੌਮਾਂਤਰੀ ਯੋਗ ਦਿਵਸ’

ਪੰਜਾਬੀ ਯੂਨੀਵਰਸਿਟੀ ਵਿਖੇ ਮਨਾਇਆ ਗਿਆ ’11ਵਾਂ ਕੌਮਾਂਤਰੀ ਯੋਗ ਦਿਵਸ’

0

ਪਟਿਆਲਾ : ਯੂਨੀਵਰਸਿਟੀ ਦੇ ਸਰੀਰਿਕ ਸਿੱਖਿਆ ਵਿਭਾਗ, ਐੱਨ. ਐੱਸ. ਐੱਸ. ਵਿਭਾਗ ਅਤੇ ਖੇਡ ਡਾਇਰੈਕਟੋਰੇਟ ਵੱਲੋਂ ਅੱਜ ’11ਵੇਂ ਕੌਮਾਂਤਰੀ ਯੋਗ ਦਿਵਸ’ ਮੌਕੇ ਯੂਨੀਵਰਸਿਟੀ ਕੈੰਪਸ ਵਿਖੇ ਸਮਾਗਮ ਕਰਵਾਇਆ ਗਿਆ। ਇਸ ਮੌਕੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਵੀ ਯੋਗਾ ਗਤੀਵਿਧੀਆਂ ਵਿੱਚ ਸ਼ਿਰਕਤ ਕੀਤੀ।

ਸਮਾਗਮ ਦੌਰਾਨ ਯੋਗਾ ਮਾਹਿਰਾਂ ਦੀ ਨਿਗਰਾਨੀ ਵਿੱਚ ਵੱਖ-ਵੱਖ ਯੋਗਾ ਆਸਣ ਕਰਵਾਏ ਗਏ ਅਤੇ ਸਾਹ ਲੈਣ ਦੀਆਂ ਕਸਰਤਾਂ ਕੀਤੀਆਂ। ਵਿਦਿਆਰਥੀਆਂ ਵੱਲੋਂ ਵਿਸ਼ੇਸ਼ ਯੋਗਾ ਪੇਸ਼ਕਾਰੀ ਵੀ ਦਿੱਤੀ ਗਈ। ਓਲੰਪੀਅਨ ਡਾ. ਤਰਲੋਕ ਸਿੰਘ ਸੰਧੂ ਅਤੇ ਪਟਿਆਲਾ ਦੇ ਮੇਅਰ ਸ਼੍ਰੀ ਕੁੰਦਨ ਗੋਗੀਆ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।

ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਆਪਣੇ ਸੰਬੋਧਨ ਵਿੱਚ ਯੋਗਾ ਦੀ ਮਹੱਤਤਾ ਬਾਰੇ ਵੱਖ-ਵੱਖ ਨੁਕਤੇ ਉਜਾਗਰ ਕੀਤੇ। ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਦੀ ਭੱਜ-ਦੌੜ ਵਾਲ਼ੀ ਜੀਵਨ ਸ਼ੈਲੀ ਵਿੱਚ ਯੋਗਾ ਦੀ ਅਹਿਮੀਅਤ ਹੋਰ ਵੀ ਵਧ ਗਈ ਹੈ। ਉਨ੍ਹਾਂ ਕਿਹਾ ਕਿ ਸ਼ਰੀਰ ਨੂੰ ਤੰਦਰੁਸਤ ਅਤੇ ਰਿਸ਼ਟ-ਪੁਸ਼ਟ ਰੱਖਣ ਲਈ ਭਾਵੇਂ ਹੋਰ ਵੀ ਬਹੁਤ ਸਾਰੇ ਢੰਗ ਹਨ ਪਰ ਯੋਗਾ ਦਾ ਕੋਈ ਬਦਲ ਨਹੀਂ ਹੈ। ਉਨ੍ਹਾਂ ਇਸ ਸਾਲ ਦੇ ਸਮਾਗਮ ਦੇ ਥੀਮ ਦੇ ਅਨੁਸਾਰ, ਸਿਹਤ, ਸਦਭਾਵਨਾ ਅਤੇ ਟਿਕਾਊ ਜੀਵਨ ਸ਼ੈਲੀ ਲਈ ਯੋਗਾ ਦੀ ਸੰਪੂਰਨ ਪਹੁੰਚ ਵਜੋਂ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਕੌਮਾਂਤਰੀ ਯੋਗ ਦਿਵਸ ਲਈ ਵਿਸ਼ਵ ਪੱਧਰ ਉੱਤੇ 21 ਜੂਨ ਦੇ ਦਿਨ ਦੀ ਚੋਣ ਬਾਰੇ ਵੀ ਆਪਣੇ ਵਿਚਾਰ ਪ੍ਰਗਟਾਏ।

ਇਸ ਮੌਕੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਅਮਰਪ੍ਰੀਤ ਸਿੰਘ, ਐੱਨ. ਐੱਸ. ਐੱਸ. ਵਿਭਾਗ ਦੇ ਕੋਆਰਡੀਨੇਟਰ ਡਾ. ਅਨਹਦ ਸਿੰਘ ਗਿੱਲ, ਖੇਡ ਡਾਇਰੈਕਟੋਰੇਟ ਦੇ ਨਿਰਦੇਸ਼ਕ ਡਾ. ਗੁਰਦੀਪ ਕੌਰ ਰੰਧਾਵਾ, ਪ੍ਰੋ. ਨਿਸ਼ਾਨ ਸਿੰਘ ਦਿਓਲ, ਪ੍ਰੋ. ਦਮਨਜੀਤ ਸੰਧੂ ਆਦਿ ਹਾਜ਼ਰ ਰਹੇ।

ਸਮਾਗਮ ਦੌਰਾਨ ਯੂਨੀਵਰਸਿਟੀ ਪੜ੍ਹਦੇ ਅੰਤਰਰਾਸ਼ਟਰੀ ਵਿਦਿਆਰਥੀਆਂ, ਫ਼ੈਕਲਟੀ ਮੈਂਬਰਾਂ, ਐੱਨ. ਐੱਸ. ਐੱਸ. ਵਲੰਟੀਅਰਾਂ ਅਤੇ ਸਟਾਫ਼ ਸਮੇਤ 150 ਤੋਂ ਵੱਧ ਭਾਗੀਦਾਰਾਂ ਨੇ ਯੋਗਾ ਸੈਸ਼ਨ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ।

NO COMMENTS

LEAVE A REPLY

Please enter your comment!
Please enter your name here

Exit mobile version