ਨੈਸ਼ਨਲ ਇੰਸਟੀਟਿਊਟ ਆਫ਼ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ (ਨਾਈਪਰ), ਐੱਸਏਐੱਸ ਨਗਰ ਵਿੱਚ 80ਵਾਂ ਸੁਤੰਤਰਤਾ ਦਿਵਸ ਵੱਡੇ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਰਾਸ਼ਟਰੀ ਗੀਤ – ‘ਵੰਦੇ ਮਾਤਰਮ’ ਦੇ ਗਾਇਨ ਨਾਲ ਹੋਈ। ਇਸ ਤੋਂ ਬਾਅਦ ਸੰਸਥਾਨ ਦੇ ਡਾਇਰੈਕਟਰ ਪ੍ਰੋ. ਦੁਲਾਲ ਪਾਂਡਾ ਨੇ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਫਿਰ ਰਾਸ਼ਟਰ ਗਾਨ ਗਾਇਆ ਗਿਆ।
ਆਪਣੇ ਸੰਬੋਧਨ ਵਿੱਚ ਪ੍ਰੋ. ਪਾਂਡਾ ਨੇ ਕਿਹਾ ਕਿ ਤਿਰੰਗੇ ਕੋਲ ਇਕੱਠੇ ਹੋ ਕੇ ਅਸੀਂ ਉਨ੍ਹਾਂ ਅਣਗਿਣਤ ਆਜ਼ਾਦੀ ਘੁਲਾਟੀਆਂ ਪ੍ਰਤੀ ਧੰਨਵਾਦ ਪ੍ਰਗਟ ਕਰਦੇ ਹਾਂ, ਜਿਨ੍ਹਾਂ ਦੇ ਸਾਹਸ, ਤਿਆਗ ਅਤੇ ਕੁਰਬਾਨੀ ਨੇ ਸਾਨੂੰ ਇਹ ਅਣਮੁੱਲੀ ਆਜ਼ਾਦੀ ਦਿੱਤੀ। ਉਨ੍ਹਾਂ ਕਿਹਾ ਕਿ ਆਜ਼ਾਦੀ ਪ੍ਰਾਪਤੀ ਦੇ 79 ਸਾਲਾਂ ਬਾਅਦ ਭਾਰਤ ਨੇ ਹਰ ਖੇਤਰ ਵਿੱਚ ਸ਼ਲਾਘਾਯੋਗ ਤਰੱਕੀ ਕੀਤੀ ਹੈ। ਸਾਡੇ ਦੇਸ਼ ਵਾਸੀਆਂ ਦੇ ਹੁਨਰ ਅਤੇ ਬੌਧਿਕ ਸਮਰੱਥਾ ਨੇ ਵਿਸ਼ਵ ਨੂੰ ਨਵੀਂ ਦਿਸ਼ਾ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਭਾਰਤ ਅੱਜ ਇੱਕ ਅਜਿਹੇ ਰਾਸ਼ਟਰ ਵਜੋਂ ਵਿਕਸਿਤ ਹੋਇਆ ਹੈ, ਜੋ ਵਿਗਿਆਨ ਅਤੇ ਤਕਨਾਲੋਜੀ ਨੂੰ ਵਿਸ਼ੇਸ਼ ਮਹੱਤਵ ਦਿੰਦਾ ਹੈ। ਇਨ੍ਹਾਂ ਖੇਤਰਾਂ ਵਿੱਚ ਅਸੀਂ ਉੱਚਤਮ ਮਾਪਦੰਡਾਂ ਨੂੰ ਅਪਣਾਇਆ ਹੈ ਅਤੇ ਕਈ ਵਿਗਿਆਨਕ ਪ੍ਰਾਪਤੀਆਂ ਰਾਹੀਂ ਵਿਸ਼ਵ ਪੱਧਰ ‘ਤੇ ਆਪਣੀ ਪਛਾਣ ਕਾਇਮ ਕੀਤੀ ਹੈ।
ਪ੍ਰੋ. ਪਾਂਡਾ ਨੇ ਕਿਹਾ ਕਿ ਸਾਲ 2026 ਵਿੱਚ ਭਾਰਤ ਦਾ 80ਵਾਂ ਸੁਤੰਤਰਤਾ ਦਿਵਸ ਵੰਦੇ ਮਾਤਰਮ ਦੇ 150 ਸਾਲ ਅਤੇ ਵਿਕਸਿਤ ਭਾਰਤ@2047 ਲਈ ਨੌਜਵਾਨ ਸ਼ਕਤੀ ‘ਤੇ ਕੇਂਦ੍ਰਿਤ ਵੱਖ-ਵੱਖ ਸਰਕਾਰੀ ਮੁਹਿੰਮਾਂ ਦੇ ਨਾਲ ਮਨਾਇਆ ਜਾ ਰਿਹਾ ਹੈ। ਇਸ ਸਾਲ ਸੁਤੰਤਰਤਾ ਦਿਵਸ ਦੀ ਭਾਵਨਾ “ਸਵਦੇਸ਼ੀ ਤਕਨਾਲੋਜੀਆਂ, ਹਰਿਤ ਤਬਦੀਲੀ ਅਤੇ ਆਤਮ-ਨਿਰਭਰ ਰੱਖਿਆ ਰਾਹੀਂ ਵਿਕਸਿਤ ਭਾਰਤ” ਦੇ ਥੀਮ ‘ਤੇ ਅਧਾਰਿਤ ਹੈ। ਇਹ ਸਾਨੂੰ ਕੰਮ ਕਰਨ ਲਈ ਪ੍ਰੇਰਿਤ ਕਰਦੀ ਹੈ ਅਤੇ ਯਾਦ ਦਿਵਾਉਂਦੀ ਹੈ ਕਿ ਅਸਲ ਆਜ਼ਾਦੀ ਸਿਰਫ਼ ਸਿਆਸੀ ਆਜ਼ਾਦੀ ਤੱਕ ਸੀਮਤ ਨਹੀਂ ਹੈ, ਸਗੋਂ ਆਤਮ-ਨਿਰਭਰਤਾ, ਨਵੀਨਤਾ ਅਤੇ ਨਿਰੰਤਰ ਵਿਕਾਸ ਵੀ ਇਸ ਦੇ ਅਨਿੱਖੜਵੇਂ ਅੰਗ ਹਨ।
ਉਨ੍ਹਾਂ ਕਿਹਾ ਕਿ ਸਾਲ 2026 ਵਿੱਚ ਭਾਰਤ ਨੇ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਕਈ ਮਹੱਤਵਪੂਰਨ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਇਹਨਾਂ ਵਿੱਚ 500 ਮੈਗਾਵਾਟ ਪ੍ਰੋਟੋਟਾਈਪ ਫਾਸਟ ਬ੍ਰੀਡਰ ਰਿਐਕਟਰ (PFBR) ਦੀ ਸਫਲ ਕ੍ਰਿਟੀਕੈਲਿਟੀ, ਗਗਨਯਾਨ ਅਤੇ LuPEX ਵਰਗੇ ਪੁਲਾੜ ਮਿਸ਼ਨਾਂ ਵਿੱਚ ਮਹੱਤਵਪੂਰਨ ਪ੍ਰਗਤੀ ਅਤੇ ਕੁਆਂਟਮ ਤਕਨਾਲੋਜੀ, ਆਰਟੀਫੀਸ਼ੀਅਲ ਇੰਟੈਲੀਜੈਂਸ (AI) ਅਤੇ ਬਾਇਓਤਕਨਾਲੋਜੀ ਦੇ ਖੇਤਰ ਵਿੱਚ ਸ਼ਲਾਘਾਯੋਗ ਸਫਲਤਾਵਾਂ ਸ਼ਾਮਲ ਹਨ। ਇਹ ਪ੍ਰਾਪਤੀਆਂ ਭਾਰਤ ਦੀ ਵਿਸ਼ਵ ਪੱਧਰ ‘ਤੇ ਨਵੀਨਤਾ ਕੇਂਦਰ ਵਜੋਂ ਮਜ਼ਬੂਤ ਹੁੰਦੀ ਸਥਿਤੀ ਨੂੰ ਦਰਸਾਉਂਦੀਆਂ ਹਨ।
ਪ੍ਰੋ. ਪਾਂਡਾ ਨੇ ਕਿਹਾ ਕਿ ਨਾਈਪਰ, ਮੋਹਾਲੀ ਨੂੰ ਸਿਹਤ ਸੇਵਾਵਾਂ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਭਾਰਤ ਦੀ ਰਾਸ਼ਟਰੀ ਵਿਕਾਸ ਯਾਤਰਾ ਵਿੱਚ ਆਪਣੇ ਯੋਗਦਾਨ ‘ਤੇ ਮਾਣ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸੰਸਥਾਨ ਵਿੱਚ ਦੋ ਨਵੇਂ ਕੋਰਸ ਸ਼ੁਰੂ ਕੀਤੇ ਗਏ ਹਨ—ਬਾਇਓਫਾਰਮਾਸਿਊਟੀਕਲਜ਼ ਵਿੱਚ ਮਾਸਟਰ ਡਿਗਰੀ ਅਤੇ ਫਾਰਮਾਸਿਊਟੀਕਲ ਰੈਗੂਲੇਟਰੀ ਸਾਇੰਸਿਜ਼ ਵਿੱਚ ਮਾਸਟਰ ਡਿਗਰੀ। ਇਹ ਕੋਰਸ ਫਾਰਮਾਸਿਊਟੀਕਲ ਖੇਤਰ ਦੀਆਂ ਬਦਲਦੀਆਂ ਜਰੂਰਤਾਂ ਨੂੰ ਪੂਰਾ ਕਰਨ ਅਤੇ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਨਾਈਪਰ, ਮੋਹਾਲੀ ਦੇ ਕੰਮਾਂ ਨੂੰ ਦਿਸ਼ਾ ਦੇਣ ਵਾਲੀਆਂ ਸੰਸਥਾਗਤ ਤਰਜੀਹਾਂ ਵਿੱਚ ਟ੍ਰਾਂਸਲੇਸ਼ਨਲ ਰਿਸਰਚ, ਉਦਯੋਗ-ਅਕਾਦਮਿਕ ਸਹਿਯੋਗ, ਕਲੀਨਿਕਲ ਰਿਸਰਚ ਈਕੋਸਿਸਟਮ, ਬੌਧਿਕ ਸੰਪਤੀ ਦੀ ਸਿਰਜਣਾ ਅਤੇ ਲਾਇਸੈਂਸਿੰਗ, ਵਿਸ਼ਵ ਪੱਧਰੀ ਮਾਪਦੰਡਾਂ ਅਨੁਸਾਰ ਉੱਤਮਤਾ, ਪਾਲਣਾ ਅਤੇ ਚੰਗਾ ਪ੍ਰਸ਼ਾਸਨ (ਸੁਸ਼ਾਸਨ), ਸਮਰੱਥਾ ਨਿਰਮਾਣ ਅਤੇ ਵਿਦਿਆਰਥੀਆਂ ਦਾ ਸਸ਼ਕਤੀਕਰਣ ਮੁੱਖ ਤੌਰ ‘ਤੇ ਸ਼ਾਮਲ ਹਨ।
ਪ੍ਰੋ. ਪਾਂਡਾ ਨੇ ਕਿਹਾ ਕਿ ਫਾਰਮਾਸਿਊਟੀਕਲ ਵਿਗਿਆਨ ਅਤੇ ਤਕਨਾਲੋਜੀ ਅੱਜ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਖੇਤਰ ਵਜੋਂ ਵਿਕਸਿਤ ਹੋ ਚੁੱਕੇ ਹਨ ਅਤੇ ਇਹ ਦੇਸ਼ ਦੇ ਪ੍ਰਮੁੱਖ ਅਤੇ ਮੋਹਰੀ ਖੇਤਰਾਂ ਵਿੱਚ ਸ਼ਾਮਲ ਹੈ।
ਆਪਣੇ ਸੰਬੋਧਨ ਦੇ ਅੰਤ ਵਿੱਚ ਪ੍ਰੋ. ਪਾਂਡਾ ਨੇ ਕਿਹਾ ਕਿ ਅੱਜ ਜਦੋਂ ਅਸੀਂ ਤਿਰੰਗੇ ਨੂੰ ਨਮਨ ਕਰਦੇ ਹੋਏ ਵਿਕਸਿਤ ਭਾਰਤ@2047 ਵੱਲ ਦੇਖ ਰਹੇ ਹਾਂ, ਤਾਂ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸੁਤੰਤਰਤਾ ਜ਼ਿੰਮੇਵਾਰੀ ਦੇ ਨਾਲ ਹੀ ਕਾਇਮ ਰਹਿੰਦੀ ਹੈ। ਨਾਈਪਰ, ਮੋਹਾਲੀ ਦੀ ਜ਼ਿੰਮੇਵਾਰੀ ਹੈ ਕਿ ਉਹ ਭਾਰਤ ਦੇ ਫਾਰਮਾਸਿਊਟੀਕਲ ਅਤੇ ਮੈਡੀਕਲ ਡਿਵਾਈਸ ਖੇਤਰ ਨੂੰ ਅਜਿਹੇ ਭਵਿੱਖ ਵੱਲ ਲੈ ਜਾਵੇ, ਜੋ ਨਵੀਨਤਾ, ਪਾਲਣਾ ਅਤੇ ਵਿਸ਼ਵਵਿਆਪੀ ਪ੍ਰਾਸੰਗਿਕਤਾ ਨਾਲ ਪਰਿਭਾਸ਼ਿਤ ਹੋਵੇ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਸਮੂਹਿਕ ਯਤਨਾਂ ਨਾਲ ਭਾਰਤ ਨੂੰ ਹੋਰ ਵਧੇਰੇ ਗੌਰਵਸ਼ਾਲੀ ਅਤੇ ਮਜ਼ਬੂਤ ਬਣਾਇਆ ਜਾ ਸਕੇਗਾ।
ਸਮਾਗਮ ਤੋਂ ਬਾਅਦ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸੰਸਥਾਨ ਦੇ ਵਿਦਿਆਰਥੀਆਂ ਅਤੇ ਕਰਮਚਾਰੀਆਂ ਦੇ ਬੱਚਿਆਂ ਨੇ ਦੇਸ਼ ਭਗਤੀ ਦੇ ਥੀਮ ‘ਤੇ ਪੇਸ਼ਕਾਰੀਆਂ ਦਿੱਤੀਆਂ। ਸਮਾਗਮ ਦੀ ਸਮਾਪਤੀ ਮੌਕੇ ‘ਤੇ ਮੌਜੂਦ ਸਾਰੇ ਲੋਕਾਂ ਨੂੰ ਮਠਿਆਈਆਂ ਵੰਡਣ ਨਾਲ ਹੋਈ।
