ਲੁਧਿਆਣਾ : ਸ਼ਹੀਦ ਭਗਤ ਸਿੰਘ ਮਿੰਨੀ ਟਰਾਂਸਪੋਰਟ ਯੂਨੀਅਨ ਪੰਜਾਬ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਲਾਡੋਵਾਲ ਟੋਲ ਪਲਾਜ਼ਾ (Ladowal Toll Plaza) ਵਿਖੇ ਨੈਸ਼ਨਲ ਹਾਈਵੇਅ ਜਾਮ ਕਰਨ ਦਾ ਐਲਾਨ ਕੀਤਾ ਹੈ। ਪਰ ਜਿਵੇਂ ਹੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਨੈਸ਼ਨਲ ਹਾਈਵੇ ਜਾਮ ਦੀ ਸੂਚਨਾ ਮਿਲੀ ਤਾਂ ਮੌਕੇ ‘ਤੇ ਵੱਡੀ ਗਿਣਤੀ ‘ਚ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ। ਯੂਨੀਅਨ ਮੈਂਬਰਾਂ ਨੂੰ ਟੋਲ ਪਲਾਜ਼ਾ ਵੱਲ ਵਧਣ ਤੋਂ ਰੋਕ ਦਿੱਤਾ ਗਿਆ। ਇਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਯੂਨੀਅਨ ਮੈਂਬਰਾਂ ਨੂੰ ਲਾਡੋਵਾਲ ਤੋਂ ਨੂਰਪੁਰ ਜੀ.ਟੀ ਰੋਡ ’ਤੇ ਰੋਕ ਲਿਆ, ਜਿਸ ਮਗਰੋਂ ਯੂਨੀਅਨ ਮੈਂਬਰਾਂ ਨੇ ਉਥੇ ਧਰਨਾ ਲਾ ਦਿੱਤਾ।
ਯੂਨੀਅਨ ਦੇ ਪ੍ਰਧਾਨ ਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਯੂਨੀਅਨ ਲੰਬੇ ਸਮੇਂ ਤੋਂ ਜੁਗਾੜ ਵਾਹਨਾਂ ’ਤੇ ਪਾਬੰਦੀ ਲਾਉਣ ਦੀ ਮੰਗ ਕਰ ਰਹੀ ਹੈ। ਪਰ ਸਰਕਾਰ ਨੇ ਅੱਜ ਤੱਕ ਜੁਗਾੜੂ ਵਾਹਨਾਂ ‘ਤੇ ਪਾਬੰਦੀ ਨਹੀਂ ਲਾਈ, ਜਿਸ ਕਾਰਨ ਮਿੰਨੀ ਟਰਾਂਸਪੋਰਟ ਯੂਨੀਅਨ ਨਾਲ ਜੁੜੇ ਸਮੂਹ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਜੋ ਵਾਹਨ ਚਲਾਉਂਦੇ ਹਨ ਉਨ੍ਹਾਂ ਦਾ ਟੈਕਸ ਹਰ ਸਾਲ ਸਰਕਾਰ ਨੂੰ ਜਾਂਦਾ ਹੈ ਪਰ ਜੁਗਾੜੂ ਵਾਹਨਾਂ ਕਾਰਨ ਉਨ੍ਹਾਂ ਦਾ ਕੰਮ ਬਿਲਕੁਲ ਠੱਪ ਹੋ ਕੇ ਰਹਿ ਗਿਆ ਹੈ। ਯੂਨੀਅਨ ਨੇ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਤੋਂ ਜਲਦੀ ਨਾਜਾਇਜ਼ ਵਾਹਨਾਂ ਨੂੰ ਨਾ ਰੋਕਿਆ ਗਿਆ ਤਾਂ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ ਅਤੇ ਪੰਜਾਬ ਦੇ ਸਾਰੇ ਹਾਈਵੇ ਜਾਮ ਕਰਕੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਨਗੇ।
ਇਸ ਮੌਕੇ ਯੂਨੀਅਨ ਨਾਲ ਗੱਲਬਾਤ ਕਰਨ ਪਹੁੰਚੇ ਡੀ.ਸੀ.ਪੀ. ਇਨਵੈਸਟੀਗੇਸ਼ਨ ਸ਼ੁਭਮ ਅਗਰਵਾਲ, ਏ.ਡੀ.ਸੀ.ਪੀ. ਰਮਨਦੀਪ ਸਿੰਘ ਭੁੱਲਰ, ਏ.ਡੀ.ਸੀ.ਪੀ. ਅਮਨਦੀਪ ਸਿੰਘ ਬਰਾੜ, ਏ.ਸੀ.ਪੀ ਵੈਸਟ ਗੁਰਦੇਵ ਸਿੰਘ, ਏ.ਸੀ.ਪੀ. ਉੱਤਰੀ ਦਵਿੰਦਰ ਚੌਧਰੀ, ਥਾਣਾ ਲਾਡੋਵਾਲ ਦੇ ਮੁਖੀ ਹਰਪ੍ਰੀਤ ਸਿੰਘ ਦੇਹਲ ਕਰੀਬ 15 ਥਾਣਿਆਂ ਦੀ ਪੁਲਿਸ ਸਮੇਤ ਮੌਕੇ ‘ਤੇ ਪੁੱਜੇ। ਇਸ ਤੋਂ ਬਾਅਦ ਅਧਿਕਾਰੀਆਂ ਨੇ ਯੂਨੀਅਨ ਦੇ ਸਬੰਧਤ ਵਿਭਾਗ ਨਾਲ ਮੀਟਿੰਗ ਕਰਕੇ ਵਿਚਾਰ ਵਟਾਂਦਰਾ ਕੀਤਾ।