ਨਿਊਯਾਰਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਬੀਤੇ ਦਿਨ ਕਿਹਾ ਕਿ ਭਾਰਤ ਅਮਰੀਕਾ ਦੇ ਬੋਸਟਨ ਅਤੇ ਲਾਸ ਏਂਜਲਸ ਵਿੱਚ ਦੋ ਨਵੇਂ ਵਣਜ ਦੂਤਘਰ ਖੋਲ੍ਹੇਗਾ, ਜੋ ਇਨ੍ਹਾਂ ਦੋ ਵੱਡੇ ਅਮਰੀਕੀ ਸ਼ਹਿਰਾਂ ਵਿੱਚ ਤੇਜ਼ੀ ਨਾਲ ਵਧ ਰਹੇ ਭਾਰਤੀ-ਅਮਰੀਕੀ ਭਾਈਚਾਰੇ ਦੀ ਲੰਬੇ ਸਮੇਂ ਦੀ ਮੰਗ ਨੂੰ ਪੂਰਾ ਕਰੇਗਾ। ਬੋਸਟਨ ਨੂੰ ਅਮਰੀਕਾ ਦੀ ਸਿੱਖਿਆ ਅਤੇ ਫਾਰਮਾ ਰਾਜਧਾਨੀ ਮੰਨਿਆ ਜਾਂਦਾ ਹੈ, ਜਦੋਂ ਕਿ ਲਾਸ ਏਂਜਲਸ ਵਿੱਚ ਹਾਲੀਵੁੱਡ ਸਿਥਤ ਹੈ ਅਤੇ ਅਗਲੇ ਸਮਰ ਓਲੰਪਿਕ ਦੀ ਮੇਜ਼ਬਾਨੀ ਕਰੇਗਾ ਅਤੇ ਭਾਰਤ ਵਿੱਚ ਯੂ.ਐਸ ਰਾਜਦੂਤ ਐਰਿਕ ਗਾਰਸੇਟੀ ਸ਼ਹਿਰ ਦੇ ਸਾਬਕਾ ਮੇਅਰ ਹਨ।
ਨਿਊਯਾਰਕ ਵਿੱਚ ਨਸਾਓ ਵੈਟਰਨਜ਼ ਕੋਲੀਜ਼ੀਅਮ ਵਿੱਚ ਭਾਰਤੀ ਅਮਰੀਕੀਆਂ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ, “ਦੋਸਤੋ, ਪਿਛਲੇ ਸਾਲ ਮੈਂ ਐਲਾਨ ਕੀਤਾ ਸੀ ਕਿ ਸਾਡੀ ਸਰਕਾਰ ਸਿਆਟਲ ਵਿੱਚ ਇੱਕ ਨਵਾਂ ਕੌਂਸਲੇਟ ਖੋਲ੍ਹਣ ਦੀ ਯੋਜਨਾ ਬਣਾ ਰਹੀ ਹੈ। ਇਹ ਹੁਣ ਸ਼ੁਰੂ ਹੋ ਗਿਆ ਹੈ। ਮੈਂ ਤੁਹਾਡੇ ਤੋਂ ਦੋ ਹੋਰ ਕੌਂਸਲੇਟਾਂ ਲਈ ਸੁਝਾਅ ਮੰਗੇ ਸਨ। ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਤੁਹਾਡੇ ਸੁਝਾਵਾਂ ਦੀ ਸਮੀਖਿਆ ਕਰਨ ਤੋਂ ਬਾਅਦ, ਭਾਰਤ ਨੇ ਬੋਸਟਨ ਅਤੇ ਲਾਸ ਏਂਜਲਸ ਵਿੱਚ ਦੋ ਨਵੇਂ ਕੌਂਸਲੇਟ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ।
ਭਾਰਤ ਦੇ ਇਸ ਸਮੇਂ ਅਮਰੀਕਾ ਵਿੱਚ ਛੇ ਕੌਂਸਲੇਟ ਹਨ ਜੋ ਨਿਊਯਾਰਕ, ਅਟਲਾਂਟਾ, ਸ਼ਿਕਾਗੋ, ਹਿਊਸਟਨ, ਸੈਨ ਫਰਾਂਸਿਸਕੋ ਅਤੇ ਸਿਆਟਲ ਵਿੱਚ ਹਨ। ਦੂਤਾਵਾਸ ਵਾਸ਼ਿੰਗਟਨ ਡੀ.ਸੀ ਵਿੱਚ ਹੈ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦਾ ਸਥਾਈ ਮਿਸ਼ਨ ਨਿਊਯਾਰਕ ਸਿਟੀ ਵਿੱਚ ਸਥਿਤ ਹੈ। ਇਸ ਐਲਾਨ ਦਾ ਭਾਰਤੀ ਭਾਈਚਾਰੇ ਵੱਲੋਂ ਸਵਾਗਤ ਕੀਤਾ ਗਿਆ।