ਬਹਿਰਾਇਚ : ਉੱਤਰ ਪ੍ਰਦੇਸ਼ ਦੇ ਬਹਿਰਾਇਚ ਜ਼ਿਲ੍ਹੇ (Bahraich District) ਦੇ ਮਹਸੀ ਇਲਾਕੇ ‘ਚ ਆਦਮਖੋਰ ਬਘਿਆੜਾਂ ਦਾ ਆਤੰਕ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। 5 ਬਘਿਆੜਾਂ ਨੂੰ ਫੜਨ ਤੋਂ ਬਾਅਦ ਇਕੱਲਾ ਰਹਿ ਗਿਆ ਛੇਵਾਂ ਬਘਿਆੜ ਔਰਤਾਂ ਅਤੇ ਬੱਚਿਆਂ ‘ਤੇ ਲਗਾਤਾਰ ਹਮਲੇ ਕਰ ਰਿਹਾ ਹੈ। ਬੀਤੀ ਰਾਤ ਨੂੰ ਵੀ ਇਸ ਬਘਿਆੜ ਨੇ ਛੱਤ ‘ਤੇ ਸੌਂ ਰਹੇ 11 ਸਾਲ ਦੇ ਬੱਚੇ ‘ਤੇ ਹਮਲਾ ਕਰ ਦਿੱਤਾ। ਹਮਲੇ ‘ਚ ਬੱਚਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਹੈ। ਪਹਿਲਾਂ ਉਸ ਨੂੰ ਮੁੱਢਲੀ ਸਹਾਇਤਾ ਲਈ ਕਮਿਊਨਿਟੀ ਹੈਲਥ ਸੈਂਟਰ ਮਹਸੀ ਲਿਜਾਇਆ ਗਿਆ ਜਿੱਥੋਂ ਉਸ ਨੂੰ ਮੈਡੀਕਲ ਕਾਲਜ ਬਹਿਰਾਇਚ ਰੈਫਰ ਕਰ ਦਿੱਤਾ ਗਿਆ।
ਮਹਸੀ ਦੇ ਹਰਦੀ ਥਾਣਾ ਖੇਤਰ ਦੇ ਪਿੰਡ ਪਿਪਰੀ ‘ਚ ਬੀਤੀ ਰਾਤ ਕਰੀਬ 2.30 ਵਜੇ ਆਪਣੀ ਮਾਂ ਨਾਲ ਘਰ ਦੀ ਛੱਤ ‘ਤੇ ਸੌਂ ਰਹੇ ਇਨਰਾਰ ‘ਤੇ ਇਕ ਬਘਿਆੜ ਨੇ ਅਚਾਨਕ ਹਮਲਾ ਕਰ ਦਿੱਤਾ। ਬਘਿਆੜ ਨੇ ਛੱਤ ‘ਤੇ ਚੜ੍ਹ ਕੇ ਇਬਰਾਰ ਦੀ ਗਰਦਨ ਫੜ ਲਈ। ਜਦੋਂ ਬੱਚਾ ਰੋਣ ਲੱਗਾ ਤਾਂ ਉਸ ਦੀ ਮਾਂ ਜਾਗ ਪਈ ਅਤੇ ਤੁਰੰਤ ਹੀ ਬਘਿਆੜ ਨੂੰ ਚਾਦਰ ਵਿਚ ਲਪੇਟ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਕੁਝ ਦੇਰ ਤੱਕ ਬਘਿਆੜ ਬੱਚੇ ਨੂੰ ਖਿੱਚਣ ਦੀ ਕੋਸ਼ਿਸ਼ ਕਰਦਾ ਰਿਹਾ ਪਰ ਬੱਚੇ ਦੀ ਮਾਂ ਦੀਆਂ ਜ਼ੋਰਦਾਰ ਚੀਕਾਂ ਨੇ ਆਖਰਕਾਰ ਬਘਿਆੜ ਨੂੰ ਭੱਜਣ ਲਈ ਮਜਬੂਰ ਕਰ ਦਿੱਤਾ।
ਇਸ ਦੇ ਨਾਲ ਹੀ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਬੀਤੇ ਦਿਨ ਬਘਿਆੜ ਪ੍ਰਭਾਵਿਤ ਮਾਹਸੀ ਖੇਤਰ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਸਥਾਨਕ ਨਿਵਾਸੀਆਂ ਦੀਆਂ ਚਿੰਤਾਵਾਂ ਸੁਣੀਆਂ, ਘਟਨਾ ਦੇ ਕਾਰਨਾਂ ਦਾ ਮੁਲਾਂਕਣ ਕੀਤਾ ਅਤੇ ਅਧਿਕਾਰੀਆਂ ਨੂੰ ਆਦਮਖੋਰ ਬਘਿਆੜ ਤੋਂ ਛੁਟਕਾਰਾ ਪਾਉਣ ਲਈ ਢੁਕਵੇਂ ਨਿਰਦੇਸ਼ ਦਿੱਤੇ ਸਨ।