ਪ੍ਰਯਾਗਰਾਜ : ਉੱਤਰ ਪ੍ਰਦੇਸ਼ ਦੀ ਸੱਭਿਆਚਾਰਕ ਰਾਜਧਾਨੀ ਪ੍ਰਯਾਗਰਾਜ ਵਿੱਚ 45 ਦਿਨਾਂ ਤੱਕ ਚੱਲਣ ਵਾਲਾ ਮਹਾਕੁੰਭ ਮੇਲਾ ਅੱਜ ਮਹਾਸ਼ਿਵਰਾਤਰੀ ਇਸ਼ਨਾਨ ਦੇ ਨਾਲ ਸਮਾਪਤ ਹੋ ਗਿਆ। ਇਸ ਮੌਕੇ ਹਵਾਈ ਸੈਨਾ ਨੇ ਮਹਾਕੁੰਭ ਅਤੇ ਇੱਥੇ ਆਏ ਸ਼ਰਧਾਲੂਆਂ ਨੂੰ ਸ਼ਾਨਦਾਰ ਸਲਾਮੀ ਦਿੱਤੀ। ਭਾਰਤੀ ਹਵਾਈ ਸੈਨਾ ਦੇ ਸੁਖੋਈ ਲੜਾਕੂ ਜਹਾਜ਼ਾਂ ਨੇ ਸਮਾਪਤੀ ਸਮਾਰੋਹ ਨੂੰ ਸ਼ਾਨਦਾਰ ਬਣਾਇਆ। ਇਸ ਦੌਰਾਨ ਮਹਾਕੁੰਭ ਨੂੰ ਅਲਵਿਦਾ ਕਹਿੰਦੇ ਹੋਏ ਕਈ ਸ਼ਰਧਾਲੂ ਭਾਵੁਕ ਹੋ ਗਏ। ਅਧਿਕਾਰਤ ਅੰਕੜਿਆਂ ਅਨੁਸਾਰ ਇਨ੍ਹਾਂ 45 ਦਿਨਾਂ ਵਿੱਚ ਲਗਭਗ 66 ਕਰੋੜ 30 ਲੱਖ ਲੋਕਾਂ ਨੇ ਗੰਗਾ ਅਤੇ ਯਮੁਨਾ ਦੇ ਸੰਗਮ ਵਿੱਚ ਪਵਿੱਤਰ ਡੁਬਕੀ ਲਗਾਈ ਹੈ।
ਇਕੱਲੇ ਮਹਾਸ਼ਿਵਰਾਤਰੀ ‘ਤੇ ਸ਼ਾਮ 4 ਵਜੇ ਤੱਕ ਲਗਭਗ 1.32 ਕਰੋੜ ਸ਼ਰਧਾਲੂਆਂ ਨੇ ਡੁਬਕੀ ਲਗਾਈ। ਮਹਾਕੁੰਭ ਮੇਲੇ ਦੇ ਆਖਰੀ ਦਿਨ ਮੇਲਾ ਪ੍ਰਸ਼ਾਸਨ ਨੇ 120 ਕੁਇੰਟਲ ਗੁਲਾਬ ਦੀਆਂ ਪੰਖੜੀਆਂ ਵਰ੍ਹਾਈਆਂ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇਸ ਮੌਕੇ ‘ਤੇ ਸਾਰੇ ਸਨਾਤਨੀ ਨੂੰ ਵਧਾਈ ਦਿੱਤੀ ਹੈ। ਮੁੱਖ ਮੰਤਰੀ ਨੇ ਤ੍ਰਿਵੇਣੀ ਸੰਗਮ ਵਿਖੇ ਹੋਏ ਇਸ ਸਫ਼ਲ ਸਮਾਗਮ ਲਈ ਸਾਰੇ ਸੰਤਾਂ ਅਤੇ ਸ਼ਰਧਾਲੂਆਂ ਦਾ ਧੰਨਵਾਦ ਕੀਤਾ।
50 ਤੋਂ ਵੱਧ ਦੇਸ਼ਾਂ ਤੋਂ ਆਏ ਸ਼ਰਧਾਲੂ
ਦੱਸ ਦੇਈਏ ਕਿ ਮਹਾਸ਼ਿਵਰਾਤਰੀ ‘ਤੇ ਮਹਾਕੁੰਭ ਵਿੱਚ ਇਸ਼ਨਾਨ ਕਰਨ ਲਈ ਦੋ ਦਿਨ ਪਹਿਲਾਂ ਤੋਂ ਹੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਸੀ। ਲੋਕਾਂ ਨੇ ਸਵੇਰੇ 3:30 ਵਜੇ ਤੋਂ ਹੀ ਨਹਾਉਣਾ ਸ਼ੁਰੂ ਕਰ ਦਿੱਤਾ ਸੀ। ਮੇਲਾ ਪ੍ਰਸ਼ਾਸਨ ਅਨੁਸਾਰ ਸ਼ਾਮ 4 ਵਜੇ ਤੱਕ 1.32 ਕਰੋੜ ਸ਼ਰਧਾਲੂਆਂ ਨੇ ਇਸ਼ਨਾਨ ਕੀਤਾ ਸੀ, ਜਦੋਂ ਕਿ 20 ਲੱਖ ਤੋਂ ਵੱਧ ਸ਼ਰਧਾਲੂ ਇਸ਼ਨਾਨ ਲਈ ਅੱਗੇ ਵਧਦੇ ਵੇਖੇ ਗਏ ਸਨ। ਇਸ ਮੌਕੇ ਮੇਲਾ ਪ੍ਰਸ਼ਾਸਨ ਵੱਲੋਂ ਹਰ ਰੋਜ਼ ਦੀ ਤਰ੍ਹਾਂ ਸਾਰੇ ਘਾਟਾਂ ‘ਤੇ ਸ਼ਰਧਾਲੂਆਂ ‘ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਰਿਪੋਰਟਾਂ ਮੁਤਾਬਕ ਨੇਪਾਲ, ਭੂਟਾਨ, ਅਮਰੀਕਾ, ਇੰਗਲੈਂਡ, ਜਾਪਾਨ ਆਦਿ ਸਮੇਤ 50 ਤੋਂ ਵੱਧ ਦੇਸ਼ਾਂ ਦੇ ਲੋਕ ਮਹਾਕੁੰਭ ‘ਚ ਡੁਬਕੀ ਲਗਾਉਣ ਆਏ ਸਨ।
ਸਖਤ ਸੁਰੱਖਿਆ ਉਪਾਅ ਕੀਤੇ ਗਏ ਲਾਗੂ
ਇੰਨੀ ਵੱਡੀ ਭੀੜ ਦੇ ਇਕੱਠ ਨੂੰ ਦੇਖਦੇ ਹੋਏ ਉੱਤਰ ਪ੍ਰਦੇਸ਼ ਸਰਕਾਰ ਨੇ ਮਹਾਕੁੰਭ ਮੇਲੇ ‘ਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਸਨ। ਇਹੀ ਕਾਰਨ ਹੈ ਕਿ ਮੇਲਾ ਪਰਿਸਰ ਵਿੱਚ ਭਗਦੜ ਦੀਆਂ ਛਿਟ-ਪੁੱਟ ਘਟਨਾਵਾਂ ਤੋਂ ਇਲਾਵਾ ਕੋਈ ਵੱਡੀ ਘਟਨਾ ਨਹੀਂ ਵਾਪਰੀ। ਇਸ ਲਈ ਉੱਤਰ ਪ੍ਰਦੇਸ਼ ਸਰਕਾਰ ਨੇ ਮੇਲੇ ਵਿੱਚ ਸੂਬੇ ਦੇ ਸਾਰੇ ਉੱਘੇ ਆਈ.ਏ.ਐਸ., ਆਈ.ਪੀ.ਐਸ., ਪੀ.ਸੀ.ਐਸ. ਅਤੇ ਪੀ.ਪੀ.ਐਸ. ਅਧਿਕਾਰੀਆਂ ਦੀ ਡਿਊਟੀ ਲਗਾਈ ਸੀ। ਸ਼ਰਧਾਲੂਆਂ ਨੂੰ ਮੇਲੇ ਵਿੱਚ ਲਿਆਉਣ ਅਤੇ ਨਹਾਉਣ ਤੋਂ ਬਾਅਦ ਉਨ੍ਹਾਂ ਨੂੰ ਘਰ ਵਾਪਸ ਲਿਜਾਣ ਲਈ ਦੇਸ਼ ਭਰ ਤੋਂ ਵਿਸ਼ੇਸ਼ ਰੇਲ ਗੱਡੀਆਂ ਅਤੇ ਬੱਸਾਂ ਚਲਾਈਆਂ ਗਈਆਂ ।