ਅਨੰਤਪੁਰ: ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਜ਼ਿਲ੍ਹੇ (Anantapur District) ਦੇ ਗਰਦਾਲਾਦੀਨੇ ਮੰਡਲ ਦੇ ਤਾਲਾਗਸੁਪੱਲੀ ਪਿੰਡ ਵਿੱਚ ਬੀਤੇ ਦਿਨ ਇੱਕ ਭਿਆਨਕ ਸੜਕ ਹਾਦਸੇ (Horrific Road Accident) ਵਿੱਚ ਸੱਤ ਖੇਤ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਚਾਰ ਗੰਭੀਰ ਜ਼ਖ਼ਮੀ ਹੋ ਗਏ। ਪੁਲਿਸ ਦੇ ਡਿਪਟੀ ਸੁਪਰਡੈਂਟ ਵੈਂਕਟੇਸ਼ਵਰੁਲੂ ਨੇ ਦੱਸਿਆ ਕਿ 12 ਖੇਤੀਬਾੜੀ ਕਰਮਚਾਰੀ ਖੇਤਾਂ ਤੋਂ ਕੰਮ ਪੂਰਾ ਕਰਕੇ ਵਾਪਸ ਆ ਰਹੇ ਸਨ। ਇੱਕ ਤੇਜ਼ ਰਫ਼ਤਾਰ ਆਰ.ਟੀ.ਸੀ. ਬੱਸ ਨੇ ਇੱਕ ਆਟੋ ਰਿਕਸ਼ਾ ਨੂੰ ਟੱਕਰ ਮਾਰ ਦਿੱਤੀ, ਜਿਸ ਵਿੱਚ ਸੱਤ ਮਜ਼ਦੂਰਾਂ ਦੀ ਮੌਤ ਹੋ ਗਈ। ਇਨ੍ਹਾਂ ‘ਚੋਂ ਦੋ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਪੰਜ ਹੋਰਾਂ ਨੇ ਹਸਪਤਾਲ ਲਿਜਾਂਦੇ ਸਮੇਂ ਦਮ ਤੋੜ ਦਿੱਤਾ।
ਮ੍ਰਿਤਕਾਂ ਦੀ ਪਛਾਣ ਤਾਤੀਆ (55), ਚਿੰਨਗਾਮਾ (48), ਰਮਨਜਨੰਮਾ (48), ਪੇਡਨਾਗਮਾ (60), ਕੋਂਡਮਾ (50), ਜਮਰਾਮੁਡੂ (40) ਅਤੇ ਚਿਨਾਕੰਨਾ (37) ਵਜੋਂ ਹੋਈ ਹੈ। ਜ਼ਖ਼ਮੀਆਂ ਨੂੰ ਜੀ.ਜੀ.ਐਚ. ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਆਰ.ਟੀ.ਸੀ. ਬੱਸ ਡਰਾਈਵਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਨੇ ਇੱਕ ਆਰ.ਟੀ.ਸੀ. ਬੱਸ ਅਤੇ ਇੱਕ ਆਟੋ ਰਿਕਸ਼ਾ ਵਿਚਕਾਰ ਹੋਈ ਟੱਕਰ ਵਿੱਚ ਸੱਤ ਖੇਤੀਬਾੜੀ ਮਜ਼ਦੂਰਾਂ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਹਰੇਕ ਮ੍ਰਿਤਕ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਦੇਣ ਦਾ ਐਲਾਨ ਕੀਤਾ। ਆਂਧਰਾ ਪ੍ਰਦੇਸ਼ ਦੇ ਰਾਜਪਾਲ ਐਸ ਅਬਦੁਲ ਅਜ਼ੀਨ ਨੇ ਸੜਕ ਹਾਦਸੇ ਅਤੇ ਸੱਤ ਲੋਕਾਂ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।