ਤਰਨ ਤਾਰਨ : ਕਰੀਬ 7 ਮਹੀਨੇ ਪਹਿਲਾਂ ਆਪਣੇ ਘਰ ਦੀ ਹਾਲਤ ਸੁਧਾਰਨ ਲਈ ਕੈਨੇਡਾ ਗਏ ਇਕ ਨੌਜ਼ਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਨਵਜੋਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਰੁਪਿੰਦਰ ਸਿੰਘ (38) ਕਰੀਬ 7 ਮਹੀਨੇ ਪਹਿਲਾਂ ਘਰ ਦੀ ਸਥਿਤੀ ਸੁਧਾਰਨ ਲਈ ਕੈਨੇਡਾ ਗਿਆ ਸੀ, ਜਿੱਥੇ ਉਸ ਨੂੰ ਕੰਮ ਨਹੀਂ ਮਿਲ ਰਿਹਾ ਸੀ। ਪਿਛਲੇ ਦਿਨ ਜਦੋਂ ਉਸ ਦੇ ਪਤੀ ਰੁਪਿੰਦਰ ਸਿੰਘ ਨੂੰ ਨੌਕਰੀ ਮਿਲੀ ਤਾਂ ਉਸ ਨੂੰ ਫੋਨ ‘ਤੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਦੀ ਖ਼ਬਰ ਮਿਲੀ।
ਨਵਜੋਤ ਕੌਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਹ ਖੁਦ ਆਪਣੇ ਪਤੀ ਨੂੰ ਮਿਲ ਕੇ ਕੈਨੇਡਾ ਤੋਂ ਵਾਪਸ ਆਈ ਹੈ। ਨਵਜੋਤ ਕੌਰ ਅਤੇ ਪਿਤਾ ਸਰਦੂਲ ਸਿੰਘ ਨੇ ਦੱਸਿਆ ਕਿ ਰੁਪਿੰਦਰ ਸਿੰਘ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਸੀ, ਜਿਸ ਨੂੰ ਆਪਣੀ ਜ਼ਮੀਨ ਵੇਚ ਕੇ ਵਿਦੇਸ਼ ਭੇਜਿਆ ਗਿਆ ਸੀ ਪਰ ਪਿਛਲੇ 7 ਮਹੀਨਿਆਂ ਤੋਂ ਕੰਮ ਨਾ ਮਿਲਣ ਕਾਰਨ ਉਹ ਬਹੁਤ ਪਰੇਸ਼ਾਨ ਸੀ। ਰੁਪਿੰਦਰ ਸਿੰਘ ਆਪਣੇ ਪਿੱਛੇ ਪੰਜ ਸਾਲ ਦੀ ਬੇਟੀ ਛੱਡ ਗਏ ਹਨ। ਪੀੜਤ ਪਰਿਵਾਰ ਨੇ ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਡਾ. ਐਸ ਪੀ ਸਿੰਘ ਓਬਰਾਏ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਭਾਰਤ ਲਿਆਂਦਾ ਜਾਵੇ ਤਾਂ ਜੋ ਉਹ ਰੁਪਿੰਦਰ ਸਿੰਘ ਦਾ ਅੰਤਿਮ ਸਸਕਾਰ ਕੀਤਾ ਜਾ ਸਕੇ।