ਅਸਾਮ : ਅਸਾਮ ਦੇ ਮੋਰੀਗਾਓਂ ਜ਼ਿਲ੍ਹੇ ‘ਚ ਅੱਜ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 5 ਮਾਪੀ ਗਈ। ਅਜੇ ਤੱਕ ਕਿਸੇ ਜਾਨੀ ਨੁਕਸਾਨ ਜਾਂ ਜਾਇਦਾਦ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ। ਰਾਜ ਦੇ ਕਈ ਹਿੱਸਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਤੋਂ ਬਾਅਦ ਲੋਕਾਂ ‘ਚ ਦਹਿਸ਼ਤ ਫੈਲ ਗਈ।
ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (ਐੱਨ. ਸੀ. ਐੱਸ.) ਮੁਤਾਬਕ ਭੂਚਾਲ ਤੜਕੇ ਕਰੀਬ 2.25 ਵਜੇ 16 ਕਿਲੋਮੀਟਰ ਦੀ ਡੂੰਘਾਈ ‘ਚ ਆਇਆ। ਭੂਚਾਲ ਦੇ ਝਟਕੇ ਗੁਹਾਟੀ ਅਤੇ ਰਾਜ ਦੇ ਹੋਰ ਹਿੱਸਿਆਂ ਵਿੱਚ ਵੀ ਮਹਿਸੂਸ ਕੀਤੇ ਗਏ। ਭੂਚਾਲ ਦੇ ਸਮੇਂ ਜ਼ਿਆਦਾਤਰ ਲੋਕ ਸੁੱਤੇ ਹੋਏ ਸਨ ਪਰ ਭੂਚਾਲ ਦੇ ਝਟਕਿਆਂ ਨਾਲ ਉਹ ਜਾਗ ਗਏ।
ਮਾਹਰਾਂ ਮੁਤਾਬਕ 5 ਤੀਬਰਤਾ ਦੇ ਭੂਚਾਲ ਨੂੰ ਦਰਮਿਆਨੀ ਤੀਬਰਤਾ ਵਾਲਾ ਭੂਚਾਲ ਮੰਨਿਆ ਜਾਂਦਾ ਹੈ। ਇਸ ਤੀਬਰਤਾ ਦੇ ਭੂਚਾਲ ਨਾਲ ਘਰ ਦੇ ਅੰਦਰ ਕੰਪਨ, ਖੜ੍ਹ-ਖੜ੍ਹ ਦੀਆਂ ਆਵਾਜ਼ਾਂ ਅਤੇ ਚੀਜ਼ਾਂ ਨੂੰ ਮਾਮੂਲੀ ਨੁਕਸਾਨ ਹੋਣ ਦੀ ਸੰਭਾਵਨਾ ਹੈ। ਅਸਾਮ ਵਿੱਚ ਭੂਚਾਲ ਆਮ ਹਨ ਕਿਉਂਕਿ ਇਹ ਰਾਜ ਭਾਰਤ ਦੇ ਸਭ ਤੋਂ ਵੱਧ ਭੂਚਾਲ ਦੇ ਸਰਗਰਮ ਖੇਤਰਾਂ ਵਿੱਚੋਂ ਇੱਕ ਹੈ।