ਪੇਸ਼ਾਵਰ : ਪਾਕਿਸਤਾਨੀ ਸੁਰੱਖਿਆ ਬਲਾਂ ਨੇ ਬੀਤੇ ਦਿਨ ਖੈਬਰ ਪਖਤੂਨਖਵਾ ਸੂਬੇ ‘ਚ ਅੱਤਵਾਦੀਆਂ ਦੇ ਟਿਕਾਣਿਆਂ ‘ਤੇ ਹੈਲੀਕਾਪਟਰਾਂ ਨਾਲ ਹਮਲਾ ਕਰਕੇ 17 ਅੱਤਵਾਦੀਆਂ ਨੂੰ ਮਾਰ ਦਿੱਤਾ। ਫੌਜ ਦੇ ਸੂਤਰਾਂ ਮੁਤਾਬਕ ਗੁਪਤ ਸੂਚਨਾ ਦੇ ਆਧਾਰ ‘ਤੇ ਬੰਨੂ ਅਤੇ ਉੱਤਰੀ ਵਜ਼ੀਰਿਸਤਾਨ ਜ਼ਿਲ੍ਹਿਆਂ ‘ਚ ਇਹ ਆਪਰੇਸ਼ਨ ਚਲਾਇਆ ਗਿਆ। ਸੁਰੱਖਿਆ ਬਲਾਂ ਨੇ ਬੰਨੂ ਜ਼ਿਲ੍ਹੇ ਦੇ ਬਕਾ ਖੇਲ ਇਲਾਕੇ ‘ਚ ਹਾਫਿਜ਼ ਗੁਲਬਹਾਦੁਰ ਗਰੁੱਪ ਦੇ ਅੱਤਵਾਦੀਆਂ ਦੇ ਟਿਕਾਣੇ ‘ਤੇ ਹੈਲੀਕਾਪਟਰ ਨਾਲ ਕੀਤੇ ਹਮਲੇ ‘ਚ 12 ਅੱਤਵਾਦੀਆਂ ਨੂੰ ਮਾਰ ਦਿੱਤਾ।
ਦੂਜੀ ਕਾਰਵਾਈ ਉੱਤਰੀ ਵਜ਼ੀਰਿਸਤਾਨ ਦੇ ਮੀਰ ਅਲੀ ਦੇ ਹਸੋ ਖੇਲ ਇਲਾਕੇ ‘ਚ ਕੀਤੀ ਗਈ, ਜਿੱਥੇ ਪੰਜ ਅੱਤਵਾਦੀ ਮਾਰੇ ਗਏ। ਸੂਤਰਾਂ ਨੇ ਦੱਸਿਆ ਕਿ ਅੱਤਵਾਦੀਆਂ ਕੋਲੋਂ ਵੱਡੀ ਮਾਤਰਾ ‘ਚ ਹਥਿਆਰ ਅਤੇ ਗੋਲਾ ਬਾਰੂਦ ਜ਼ਬਤ ਕੀਤਾ ਗਿਆ ਹੈ। ਸੁਰੱਖਿਆ ਬਲਾਂ ਨੇ ਮਾਰੇ ਗਏ ਅੱਤਵਾਦੀਆਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ। ਸੁਰੱਖਿਆ ਬਲਾਂ ਦੀ ਮਦਦ ਲਈ ਵਾਧੂ ਬਲਾਂ ਨੂੰ ਰਵਾਨਾ ਕੀਤਾ ਗਿਆ ਹੈ ਅਤੇ ਆਪਰੇਸ਼ਨ ਜਾਰੀ ਹੈ।