ਸਪੋਰਟਸ ਡੈਸਕ: ਅਫਗਾਨਿਸਤਾਨ ਦੇ ਸਟਾਰ ਆਲਰਾਊਂਡਰ ਮੁਹੰਮਦ ਨਬੀ (Mohammad Nabi) ਅਗਲੇ ਸਾਲ ਪਾਕਿਸਤਾਨ ‘ਚ ਹੋਣ ਵਾਲੀ ਚੈਂਪੀਅਨਸ ਟਰਾਫੀ ਤੋਂ ਬਾਅਦ ਵਨਡੇ ਕ੍ਰਿਕਟ ਤੋਂ ਸੰਨਿਆਸ ਲੈ ਲੈਣਗੇ। ਅਫਗਾਨਿਸਤਾਨ ਕ੍ਰਿਕਟ ਬੋਰਡ ਦੇ ਮੁੱਖ ਕਾਰਜਕਾਰੀ ਨਸੀਬ ਖਾਨ ਨੇ ਅੱਜ ਯਾਨੀ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਹਾਲਾਂਕਿ ਚੈਂਪੀਅਨਸ ਟਰਾਫੀ ਤੋਂ ਬਾਅਦ ਨਬੀ ਟੀ-20 ਕ੍ਰਿਕਟ ‘ਚ ਅਫਗਾਨਿਸਤਾਨ ਲਈ ਖੇਡਣਾ ਜਾਰੀ ਰੱਖੇਗਾ।
ਨਸੀਬ ਖਾਨ ਨੇ ਖੇਡ ਨਾਲ ਜੁੜੀ ਇਕ ਵੈੱਬਸਾਈਟ ਨੂੰ ਦੱਸਿਆ, ‘ਹਾਂ, ਨਬੀ ਚੈਂਪੀਅਨਸ ਟਰਾਫੀ ਤੋਂ ਬਾਅਦ ਵਨਡੇ ਤੋਂ ਸੰਨਿਆਸ ਲੈ ਰਿਹਾ ਹੈ ਅਤੇ ਉਨ੍ਹਾਂ ਨੇ ਆਪਣੀ ਇੱਛਾ ਬਾਰੇ ਬੋਰਡ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ। ਉਨ੍ਹਾਂ ਨੇ ਮੈਨੂੰ ਕੁਝ ਮਹੀਨੇ ਪਹਿਲਾਂ ਕਿਹਾ ਸੀ ਕਿ ਉਹ ਚੈਂਪੀਅਨਜ਼ ਟਰਾਫੀ ਤੋਂ ਬਾਅਦ ਆਪਣਾ ਵਨਡੇ ਕਰੀਅਰ ਖਤਮ ਕਰਨਾ ਚਾਹੁੰਦਾ ਹੈ। ਅਸੀਂ ਉਨ੍ਹਾਂ ਦੇ ਫ਼ੈਸਲੇ ਦਾ ਸਵਾਗਤ ਕਰਦੇ ਹਾਂ।
ਉਨ੍ਹਾਂ ਨੇ ਅੱਗੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਉਹ ਆਪਣਾ ਟੀ-20 ਕਰੀਅਰ ਜਾਰੀ ਰੱਖਣਗੇ। 39 ਸਾਲਾ ਨਬੀ ਅਫਗਾਨਿਸਤਾਨ ਦੀ ਵਨਡੇ ਟੀਮ ਦੇ ਸਭ ਤੋਂ ਤਜਰਬੇਕਾਰ ਖਿਡਾਰੀਆਂ ਵਿੱਚੋਂ ਇੱਕ ਹਨ। ਉਨ੍ਹਾਂ ਨੇ 2009 ਵਿੱਚ ਸਕਾਟਲੈਂਡ ਦੇ ਖ਼ਿਲਾਫ਼ ਆਪਣੇ ਪਹਿਲੇ ਵਨਡੇ ਵਿੱਚ ਅਰਧ ਸੈਂਕੜਾ ਲਗਾ ਕੇ ਇੱਕ ਪ੍ਰਭਾਵ ਬਣਾਇਆ। ਨਬੀ ਨੇ ਹੁਣ ਤੱਕ 165 ਵਨਡੇ ਮੈਚਾਂ ‘ਚ 3,549 ਦੌੜਾਂ ਬਣਾਈਆਂ ਹਨ ਅਤੇ 171 ਵਿਕਟਾਂ ਵੀ ਲਈਆਂ ਹਨ।
ਹਾਲ ਹੀ ‘ਚ ਬੰਗਲਾਦੇਸ਼ ਦੇ ਖ਼ਿਲਾਫ਼ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦੇ ਪਹਿਲੇ ਮੈਚ ‘ਚ ਨਬੀ ਨੇ 82 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਿਸ ਦੀ ਬਦੌਲਤ ਉਨ੍ਹਾਂ ਦੀ ਟੀਮ ਮਜ਼ਬੂਤ ਸਕੋਰ ਬਣਾਉਣ ‘ਚ ਕਾਮਯਾਬ ਰਹੀ ਅਤੇ ਫਿਰ ਅੱਲ੍ਹਾ ਗਜ਼ਨਫਰ ਦੀਆਂ 6 ਵਿਕਟਾਂ ਦੀ ਮਦਦ ਨਾਲ ਇਸ ਦਾ ਬਚਾਅ ਕੀਤਾ।
ਸੀਨੀਅਰ ਆਲਰਾਊਂਡਰ ਨਬੀ ਨੇ 2019 ‘ਚ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਨਬੀ ਨੇ ਅਫਗਾਨਿਸਤਾਨ ਲਈ 3 ਟੈਸਟ ਮੈਚ ਖੇਡੇ ਹਨ। ਇਸ ਤੋਂ ਇਲਾਵਾ ਉਹ ਆਈ.ਪੀ.ਐਲ. ਦੇ 24 ਮੈਚਾਂ ਵਿੱਚ ਵੀ ਆਪਣੀ ਪ੍ਰਤਿਭਾ ਦੇ ਜੌਹਰ ਦਿਖਾ ਚੁੱਕੇ ਹਨ। ਉਨ੍ਹਾਂ ਨੇ ਇਸ ਲੀਗ ਵਿੱਚ 143.33 ਦੀ ਤੇਜ਼ ਸਟ੍ਰਾਈਕ ਰੇਟ ਨਾਲ 215 ਦੌੜਾਂ ਬਣਾਈਆਂ ਹਨ ਅਤੇ ਗੇਂਦਬਾਜ਼ੀ ਵਿੱਚ ਵੀ 15 ਵਿਕਟਾਂ ਲਈਆਂ ਹਨ। ਨਬੀ ਨੇ ਆਪਣੇ ਤਜ਼ਰਬੇ ਅਤੇ ਹਰਫਨਮੌਲਾ ਖੇਡ ਨਾਲ ਅਫਗਾਨਿਸਤਾਨ ਕ੍ਰਿਕਟ ਟੀਮ ਨੂੰ ਕਈ ਮੌਕਿਆਂ ‘ਤੇ ਜਿੱਤ ਦਿਵਾਈ ਹੈ।