ਗੋਂਡਾ: (ਓਮ ਚੰਦ) ਬਿਹਾਰ ਤੋਂ ਦਿੱਲੀ ਜਾ ਰਹੀ ਰੇਲਗੱਡੀ ਵਿੱਚ ਬੰਬ ਰੱਖੇ ਹੋਣ ਦੀ ਸੂਚਨਾ ਮਿਲਣ ‘ਤੇ ਗੋਂਡਾ ਵਿੱਚ ਸੁਰੱਖਿਆ ਬਲਾਂ (Security Forces) ਨੇ ਬਾਰੀਕੀ ਨਾਲ ਜਾਂਚ ਕੀਤੀ ਅਤੇ ਟਰੇਨ ਨੂੰ ਅੱਗੇ ਭੇਜ ਦਿੱਤਾ। ਇਕ ਪੁਲਿਸ ਅਧਿਕਾਰੀ ਨੇ ਬੀਤੀ ਰਾਤ ਨੂੰ ਇਹ ਜਾਣਕਾਰੀ ਦਿੱਤੀ। ਗੋਂਡਾ ਈਸਟ ਜ਼ੋਨ ਦੇ ਐਡੀਸ਼ਨਲ ਸੁਪਰਡੈਂਟ ਆਫ ਪੁਲਿਸ (ਏ.ਐੱਸ.ਪੀ.) ਮਨੋਜ ਕੁਮਾਰ ਰਾਵਤ ਨੇ ਦੱਸਿਆ ਕਿ ਬੀਤੇ ਦਿਨ ਦੇਰ ਸ਼ਾਮ ਦਿੱਲੀ ਕੰਟਰੋਲ ਰੂਮ ਨੂੰ ਦਰਭੰਗਾ ਤੋਂ ਨਵੀਂ ਦਿੱਲੀ ਜਾ ਰਹੀ 12565 ਅੱਪ ਬਿਹਾਰ ਸੰਪਰਕ ਕ੍ਰਾਂਤੀ ਐਕਸਪ੍ਰੈੱਸ ‘ਚ ਬੰਬ ਰੱਖੇ ਜਾਣ ਦੀ ਸੂਚਨਾ ਮਿਲੀ ਸੀ।
ਬਿਹਾਰ ਸੰਪਰਕ ਕ੍ਰਾਂਤੀ ਐਕਸਪ੍ਰੈਸ ‘ਚ ਬੰਬ ਦੀ ਖ਼ਬਰ ਨਾਲ ਦਹਿਸ਼ਤ ਦਾ ਮਾਹੌਲ
ਏ.ਐਸ.ਪੀ ਨੇ ਦੱਸਿਆ ਕਿ ਇਸ ਤੋਂ ਬਾਅਦ ਉੱਚ ਪੱਧਰ ਤੋਂ ਤੁਰੰਤ ਸਿਵਲ ਪੁਲਿਸ, ਸਰਕਾਰੀ ਰੇਲਵੇ ਪੁਲਿਸ (ਜੀ.ਆਰ.ਪੀ.) ਅਤੇ ਰੇਲਵੇ ਪ੍ਰੋਟੈਕਸ਼ਨ ਫੋਰਸ ਨੂੰ ਚੌਕਸ ਕਰਨ ਅਤੇ ਰੇਲ ਗੱਡੀ ਦੀ ਬਾਰੀਕੀ ਨਾਲ ਤਲਾਸ਼ੀ ਲੈਣ ਦੀਆਂ ਹਦਾਇਤਾਂ ਮਿਲੀਆਂ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਸੁਪਰਡੈਂਟ (ਐੱਸ.ਪੀ.) ਵਿਨੀਤ ਕੁਮਾਰ ਜੈਸਵਾਲ ਦੀ ਅਗਵਾਈ ‘ਚ ਵੱਡੀ ਗਿਣਤੀ ‘ਚ ਸੁਰੱਖਿਆ ਬਲ ਸਟੇਸ਼ਨ ‘ਤੇ ਪਹੁੰਚ ਗਏ ਅਤੇ ਸ਼ਾਮ 7:30 ਵਜੇ ਗੋਂਡਾ ਜੰਕਸ਼ਨ ‘ਤੇ ਪਹੁੰਚਦੇ ਹੀ ਟਰੇਨ ਨੂੰ ਘੇਰ ਲਿਆ ਗਿਆ, ਜਿਸ ਨੂੰ ਖਾਲੀ ਕਰਵਾਇਆ ਗਿਆ। ਟਰੇਨ ਅਤੇ ਡਾਗ ਸਕੁਐਡ ਦੀ ਮਦਦ ਨਾਲ ਜਾਂਚ ਕੀਤੀ।
ਜਾਂਚ ਦੌਰਾਨ ਕੋਈ ਇਤਰਾਜ਼ਯੋਗ ਸਮੱਗਰੀ ਨਹੀਂ ਮਿਲੀ
ਉਨ੍ਹਾਂ ਕਿਹਾ ਕਿ ਕਿਤੇ ਵੀ ਕੋਈ ਇਤਰਾਜ਼ਯੋਗ ਸਮੱਗਰੀ ਨਹੀਂ ਮਿਲੀ। ਉਨ੍ਹਾਂ ਦੱਸਿਆ ਕਿ ਪੂਰੀ ਜਾਂਚ ਤੋਂ ਬਾਅਦ ਕਰੀਬ 10 ਵਜੇ ਰੇਲ ਗੱਡੀ ਨੂੰ ਮੰਜ਼ਿਲ ਵੱਲ ਰਵਾਨਾ ਕੀਤਾ ਗਿਆ। ਗੋਂਡਾ ਜੀ.ਆਰ.ਪੀ. ਦੇ ਇੰਸਪੈਕਟਰ ਨਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਫਰਜ਼ੀ ਸੂਚਨਾ ਦੇਣ ਵਾਲੇ ਵਿਅਕਤੀ ਦਾ ਪਤਾ ਲਗਾਇਆ ਜਾ ਰਿਹਾ ਹੈ।